ਮਹਾਂਵੀਰ ਮਿੱਤਲ
ਜੀਂਦ, 11 ਜੁਲਾਈ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਉਤਰੀ ਕੌਂਸਲ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਰਕਾਰ ਨੇ ਨਵੀਂ ਵਿਧਾਨ ਸਭਾ ਲਈ ਜ਼ਮੀਨ ਮੰਗ ਕੇ ਚੰਡੀਗੜ੍ਹ ’ਤੇ ਸੂਬੇ ਦੇ ਦਾਅਵੇ ਨੂੰ ਕਮਜ਼ੋਰ ਕੀਤਾ ਹੈ। ਸਾਬਕਾ ਮੁੱਖ ਮੰਤਰੀ ਹੁੱਡਾ ਨੇ ਆਦਮਪੁਰ ਤੋਂ ਵਿਧਾਇਕ ਕੁਲਦੀਪ ਬਿਸ਼ਨੋਈ ਵੱਲੋਂ ਆਪਣੇ ਟਵਿੱਟਰ ਅਕਾਊਂਟ ਤੋਂ ਕਾਂਗਰਸ ਨੇਤਾਵਾਂ ਦੀਆਂ ਤਸਵੀਰਾਂ ਹਟਾਉਣ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਨੂੰ ਲੈ ਕੇ ਬਿਸ਼ਨੋਈ ਪਰਿਵਾਰ ’ਤੇ ਸਿਆਸੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਰਾਜ ਸਭਾ ਚੋਣ ਵਿੱਚ ਕਰਾਸ ਵੋਟਿੰਗ ਕਰਨ ਵਾਲੇ ਕੁਲਦੀਪ ਬਿਸ਼ਨੋਈ ਨੇ ਵੋਟਰਾਂ ਨਾਲ ਧੋਖਾ ਕੀਤਾ ਹੈ। ਜੇਕਰ ਉਨ੍ਹਾਂ ਨੇ ਭਾਜਪਾ ਵਿੱਚ ਜਾਣਾ ਹੈ ਤਾਂ ਪਹਿਲਾਂ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ। ਉਨ੍ਹਾਂ ਕਿਹਾ ਕਿ ਫਿਰ ਕੁਲਦੀਪ ਬਿਸ਼ਨੋਈ ਕਿਸੇ ਵੀ ਪਾਰਟੀ ਵਿੱਚ ਜਾਣ ਲਈ ਆਜ਼ਾਦ ਹਨ।
ਭੁਪਿੰਦਰ ਸਿੰਘ ਹੁੱਡਾ ਜੀਂਦ ਵਿੱਚ ਸੀਨੀਅਰ ਕਾਂਗਰਸੀ ਨੇਤਾ ਬਲਰਾਮ ਕਟਵਾਲ ਦੇ ਨਿਵਾਸ ਸਥਾਨ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਸ੍ਰੀ ਹੁੱਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਵਿਧਾਨ ਸਭਾ ਦੇ ਨਵੇਂ ਭਵਨ ਲਈ 10 ਏਕੜ ਜ਼ਮੀਨ ਦੀ ਮੰਗ ਕੇ ਚੰਡੀਗੜ੍ਹ ’ਤੇ ਹਰਿਆਣਾ ਦੇ ਦਾਅਵੇ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੀ ਹੈ। ਇਹ ਹਰਿਆਣਾ ਦੇ ਹਿੱਤਾਂ ’ਤੇ ਬਹੁਤ ਵੱਡਾ ਹਮਲਾ ਹੋਵੇਗਾ। ਖੇਦੜ ਵਿੱਚ ਕਿਸਾਨਾਂ ਅਤੇ ਪੁਲੀਸ ਦਰਮਿਆਨ ਹੋਏ ਟਕਰਾਓ ਵਿੱਚ ਇੱਕ ਕਿਸਾਨ ਦੀ ਹੋਈ ਮੌਤ ਨੂੰ ਨਿੰਦਣਯੋਗ ਘਟਨਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕਦੇ ਵੀ ਗੋਲੀ ਅਤੇ ਲਾਠੀ ਨਾਲ ਸਰਕਾਰ ਨਹੀਂ ਚੱਲਿਆ ਕਰਦੀ। ਵਿਵਾਦ ਦਾ ਹੱਲ ਗੱਲਬਾਤ ਨਾਲ ਹੀ ਨਿਕਲ ਸਕਦਾ ਹੈ। ਉਨ੍ਹਾਂ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਦੇ ਮੈਂਬਰ ਨੂੰ ਸਰਕਾਰ ਨੌਕਰੀ ਅਤੇ ਉਚਿੱਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਕਿ ਕਿਸਾਨਾਂ ’ਤੇ ਦਰਜ ਕੀਤੇ ਗਏ ਮਾਮਲੇ ਰੱਦ ਹੋਣ।
ਉਨ੍ਹਾਂ ਨੇ ਜੀਂਦ ਜ਼ਿਲ੍ਹੇ ਨੂੰ ਐੱਨਸੀਆਰ ਵਿੱਚੋਂ ਬਾਹਰ ਕੱਢਣ ਉੱਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਜੀਂਦ ਨੂੰ ਐੱਨਸੀਆਰ ਵਿੱਚ ਲਿਆਉਣ ਲਈ ਵੱਡੀ ਲੜਾਈ ਲੜੀ ਸੀ। ਇਸ ਮੌਕੇ ਸਫੀਦੋਂ ਤੋਂ ਕਾਂਗਰਸੀ ਵਿਧਾਧਿਕ ਸੁਭਾਸ਼ ਗਾਂਗੁਲੀ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਢੁੱਲ, ਧਰਮ ਸਿੰਘ ਛੋਕਰ, ਸਾਬਕਾ ਵਿਧਾਇਕ ਆਨੰਦ ਸਿੰਘ ਡਾਂਗੀ, ਵਿਜਿੰਦਰ ਢਾਠਰਥ, ਮਨਜੀਤ ਸਿੰਘ ਆਦਿ ਨੇਤਾ ਹਾਜ਼ਰ ਸਨ।