ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਹਰਿਆਣਾ ਸਰਕਾਰ ਨੇ ਸੂਬੇ ਵਿੱਚ ਪ੍ਰਸ਼ਾਸਕੀ ਵਿਭਾਗਾਂ ਦੇ ਕੰਮਕਾਜ ਨੂੰ ਡਿਜੀਟਾਈਜ਼ ਕਰਨ ਲਈ ਈ-ਗਵਰਨੈਂਸ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੁਰੂਗ੍ਰਾਮ ਵਿੱਚ ਪਟਵਾਰੀਆਂ ਤੇ ਕਾਨੂੰਨਗੋ ਨੂੰ 67 ਟੈਬਲੇਟ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਟਵਾਰੀਆਂ ਨੂੰ ਟੈਬਲੇਟ ਦਿੱਤੇ ਜਾਣ ਤੋਂ ਬਾਅਦ ਵਿਭਾਗ ਦਾ ਕੰਮਕਾਜ ਪਹਿਲਾਂ ਦੇ ਮੁਕਾਬਲੇ ਜਲਦੀ ਹੋਵੇਗਾ ਅਤੇ ਗਲਤੀਆਂ ਦੀ ਸੰਭਾਵਨਾ ਵੀ ਘੱਟ ਜਾਵੇਗੀ। ਇਸ ਨਾਲ ਰਿਕਾਰਡ ਦੀ ਸੰਭਾਲ ਵੀ ਸਹੀ ਢੰਗ ਨਾਲ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਪਟਵਾਰੀ ਦਾ ਕੰਮ ਜ਼ਿੰਮੇਵਾਰੀ ਵਾਲਾ ਹੁੰਦਾ ਹੈ, ਜੇਕਰ ਕੋਈ ਡਾਟਾ ਰਿਕਾਰਡ ਵਿਚ ਗਲਤ ਚੜ੍ਹ ਜਾਵੇ ਤਾਂ ਅਦਾਲਤੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਟਵਾਰੀ ਪੜ੍ਹੇ-ਲਿਖੇ ਹਨ ਅਤੇ ਟੈਬਲੇਟ ਦੀ ਵਰਤੋਂ ਅਸਾਨੀ ਨਾਲ ਸਿੱਖ ਸਕਦੇ ਹਨ। ਸ੍ਰੀ ਖੱਟਰ ਨੇ ਕਿਹਾ ਕਿ ਸੂਬੇ ਵਿੱਚ ਹਰ ਪਰਿਵਾਰ ਦਾ ਡਾਟਾ ਤਿਆਰ ਕੀਤਾ ਜਾ ਰਿਹਾ ਹੈ।