ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 1 ਦਸੰਬਰ
ਹਰਿਆਣਾ ਦੇ ਮੁੱਖ ਮੰਤਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਗੀਤਾ ਜੈਅੰਤੀ ਮਹਾਉਤਸਵ ਨੂੰ ਸਾਲ 2016 ਤੋਂ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮਨਾ ਰਹੀ ਹੈ ਅਤੇ ਇਸੇ ਤਹਿਤ ਇਸ ਵਾਰ ਗੀਤਾ ਜੈਅੰਤੀ ਮਹਾਉਤਸਵ 2 ਦਸੰਬਰ ਤੋਂ ਸ਼ੁਰੂ ਹੋ ਕੇ 19 ਦਸੰਬਰ ਤਕ ਚੱਲੇਗਾ। ਮੁੱਖ ਪ੍ਰੋਗਰਾਮ 9 ਦਸੰਬਰ ਤੋਂ 14 ਦਸੰਬਰ ਤਕ ਚੱਲਣਗੇ।
ਮੁੱਖ ਮੰਤਰੀ ਖੱਟਰ ਨੇ ਅੱਜ ਕੁਰੂਕਸ਼ੇਤਰ ਦੇ ਬ੍ਰਹਮਸਰੋਵਰ ’ਤੇ ਸਥਿਤ ਪੁਰੂਸ਼ੋਤਮਪੁਰਾ ਬਾਗ ਵਿੱਚ ਪ੍ਰੈੱਸ ਕਾਨਫਰੰਸ ਮੌਕੇ ਕਿਹਾ ਕਿ ਕੁਰੂਕਸ਼ੇਤਰ ਦੀ 48 ਕੋਸ ਜ਼ਮੀਨ ਵਿੱਚ ਹੁਣ ਤਕ 134 ਤੀਰਥ ਸਥਾਨ ਸਨ। ਇਸ ਵਾਰ ਇਸ ਵਿਚ 30 ਹੋਰ ਤੀਰਥਾਂ ਨੂੰ ਜੋੜਿਆ ਗਿਆ ਹੈ। ਇਸ ਦੇ ਨਾਲ-ਨਾਲ ਗੀਤਾ ਸਥਾਨ ਜੋਤੀਸਰ ਵਿਚ 2 ਏਕੜ ਜਮੀਨ ’ਤੇ 205 ਕਰੋੜ ਰੁਪਏ ਦੀ ਲਾਗਤ ਨਾਲ ਮਹਾਭਾਰਤ ਥੀਮ ’ਤੇ ਭਵਨ ਦਾ ਨਿਰਮਾਣ ਕੀਤਾ ਜਾਵੇਗਾ। ਗੀਤਾ ਜੈਅੰਤੀ ਮਹਾਉਤਸਵ ਸਬੰਧੀ ਖੱਟਰ ਨੇ ਕਿਹਾ ਕਿ 2 ਦਸੰਬਰ, 2021 ਨੂੰ ਸ਼ਿਲਪ ਅਤੇ ਸਰਸ ਮੇਲਾ ਸ਼ੁਰੂ ਹੋਵੇਗਾ, ਜਿਸ ਵਿਚ ਕਰੀਬ 350 ਕਲਾਕਾਰ ਅਤੇ ਸ਼ਿਲਪਕਾਰ ਪਹੁੰਚਣਗੇ। ਇਹ ਪ੍ਰੋਗਰਾਮ 19 ਦਸੰਬਰ ਤਕ ਚੱਲੇਗਾ। ਪ੍ਰੋਗਰਾਮ ਦਾ ਉਦਘਾਟਨ 9 ਦਸੰਬਰ ਨੂੰ ਬ੍ਰਹਮਸਰੋਵਰ ’ਤੇ ਗੀਤਾ ਯੱਗ ਅਤੇ ਪੂਜਨ ਤੋਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ’ਤੇ ਅਧਾਰਿਤ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਉਨ੍ਹਾਂ ਮੁਤਾਬਕ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਤਿਨ ਦਿਨਾਂ ਕੌਮਾਂਤਰੀ ਗੀਤਾ ਸੈਮੀਨਾਰ ਹੋਵੇਗਾ।
ਸੰਤ ਸਮੇਲਨ ਵਿੱਚ ਜੁਟੇਗਾ ਸੰਤ ਸਮਾਜ
ਮੁੱਖ ਮੰਤਰੀ ਨੇ ਕਿਹਾ ਕਿ 12 ਦਸੰਬਰ ਨੂੰ ਸੰਤ ਸਮੇਲਨ ਕਰਵਾਇਆ ਜਾਵੇਗਾ ਅਤੇ 13 ਦਸੰਬਰ ਨੂੰ ਹਰਿਆਣਾ ਦੇ ਅਨੇਕ ਕਾਲਜਾਂ ਵਿੱਚ ਗੀਤਾ ਸੰਸਦ ਹੋਵੇਗੀ ਜਦਕਿ 14 ਦਸੰਬਰ ਨੂੰ 48 ਕੋਸ ਕੁਰੂਕਸ਼ੇਤਰ ਦੇ 75 ਤੀਰਥਾਂ ’ਤੇ ਸਭਿਆਚਾਰਕ ਪ੍ਰੋਗਰਾਮ ਹੋਣਗੇ। ਉਨ੍ਹਾਂ ਕਿਹਾ 14 ਦਸੰਬਰ ਨੂੰ ਬ੍ਰਹਮਸਰੋਵਰ ’ਤੇ 1100 ਵਿਦਿਆਰਥੀ ਵਿਸ਼ਵ ਗੀਤਾ ਪਾਠ ਕਰਨਗੇ ਅਤੇ 75 ਮੂਰਤੀਕਾਰ ਮਹਾਭਾਰਤ ਅਤੇ ਗੀਤਾ ਵਿਸ਼ਾ ’ਤੇ ਅਧਾਰਿਤ ਮੂਰਤੀਆਂ ਬਣਾਉਣਗੇ। ਇਸ ਦੌਰਾਨ ਕਿਤਾਬ ਮੇਲਾ ਵੀ ਲੱਗੇਗਾ। ਉਨ੍ਹਾਂ ਦੱਸਿਆ ਕਿ ਕੁਰੂਕਸ਼ੇਤਰ ਦੇ ਚਾਰੋਂ ਪਾਸੇ ਦੇ ਰਸਤਿਆਂ ’ਤੇ ਸਵਾਗਤ ਦਰਵਾਜ਼ੇ ਬਣਾਏ ਜਾਣਗੇ।