ਪੱਤਰ ਪ੍ਰੇਰਕ
ਰਤੀਆ, 9 ਜੂਨ
ਕਿਸਾਨ ਆਗੂ ਭਗਵਾਨ ਪਾਲ ਸਿੰਘ ਅਹਿਰਵਾਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨ ਅਤੇ ਮਜ਼ਦੂਰ ਦੀ ਕੋਈ ਚਿੰਤਾ ਨਹੀਂ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਵਾਰ ਕਿਸਾਨ ਨੂੰ ਉਸ ਦੀ ਫ਼ਸਲ ਦਾ ਉੱਚਿਤ ਮੁੱਲ ਨਾ ਮਿਲਣ ਕਾਰਨ ਕਿਸਾਨ ਅਤੇ ਖੇਤੀ ਮਜ਼ਦੂਰ ਪੀੜ੍ਹੀ ਦਰ ਪੀੜ੍ਹੀ ਕਰਜ਼ ਦੇ ਬੋਝ ਹੇਠ ਦਬਦਾ ਜਾ ਰਿਹਾ ਹੈ। ਮਹਿੰਗਾਈ ਦੇ ਦੌਰ ਵਿਚ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦਾ ਭਾਅ ਅਸਮਾਨ ਛੂਹ ਰਿਹਾ ਹੈ। ਕਿਸਾਨਾਂ ਦੀ ਮੁੱਖ ਫ਼ਸਲ ਕਣਕ ਸਰਕਾਰ ਵੱਲੋਂ ਨਿਰਧਾਰਿਤ ਐੱਮਐੱਸਪੀ ’ਤੇ ਖ਼ਰੀਦ ਦੀ ਥਾਂ ਘੱਟ ਮੁੱਲ ’ਤੇ ਖ਼ਰੀਦੀ ਗਈ। ਇਸੇ ਕਣਕ ਨੂੰ ਕਿਸਾਨ ਤੋਂ ਸਸਤੀ ਖ਼ਰੀਦ ਕੇ ਸਰਕਾਰ ਅੱਗੇ ਦੁੱਗਣੇ ਦੇ ਕਰੀਬ ਭਾਅ 3500 ਤੋਂ 4000 ਰੁਪਏ ਪ੍ਰਤੀ ਕੁਇੰਟਲ ਬਰਾਮਦ ਕੀਤਾ ਗਿਆ। ਹੁਣ ਵੀ ਕਈ ਮੁਲਕਾਂ ਵੱਲੋਂ ਕਣਕ ਦੀ ਮੰਗ ਬਹੁਤ ਜ਼ਿਆਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਕਣਕ ਦਾ ਮੁੱਲ ਬਹੁਤ ਜ਼ਿਆਦਾ ਵਧਣ ਦੇ ਆਸਾਰ ਹਨ। ਕਿਸਾਨ ਅਤੇ ਖੇਤ ਮਜ਼ਦੂਰ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ। ਫ਼ਸਲ ਦਾ ਲਾਗਤ ਮੁੱਲ ਬਹੁਤ ਜ਼ਿਆਦਾ ਵਧ ਗਿਆ ਹੈ। ਹਰ ਤਰ੍ਹਾਂ ਦੀਆਂ ਵਸਤਾਂ ਖੇਤੀ ਵਾਲੇ ਔਜਾਰ, ਟਰੈਕਟਰ ਸਣੇ ਦੂਜੀਆਂ ਚੀਜ਼ਾਂ ਦੇ ਭਾਅ ਅਤੇ ਫ਼ਸਲਾਂ ਦੇ ਭਾਅ ਵਿੱਚ ਵੱਡਾ ਫ਼ਰਕ ਹੈ।
ਇਸ ਲਈ ਕਿਸਾਨ ਪਿਛਲੇ ਕਈ ਦਿਨਾਂ ਤੋਂ ਕਣਕ ’ਤੇ ਪ੍ਰਤੀ ਕੁਇੰਟਲ 700 ਰੁਪਏ ਬੋਨਸ ਦੀ ਮੰਗ ਕਰ ਰਿਹਾ ਹੈ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਿਰਾਸ਼ ਨਾ ਹੋਣ ਬਲਕਿ ਸੰਘਰਸ਼ ਦੀ ਤਿਆਰੀ ਕਰਨ।