ਪੱਤਰ ਪ੍ਰੇਰਕ
ਰਤੀਆ, 13 ਦਸੰਬਰ
ਦਿੱਲੀ ਦੀਆਂ ਬਰੂਹਾਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਕਿਸਾਨਾਂ ਦੀ ਘਰ ਵਾਪਸੀ ’ਤੇ ਉਨ੍ਹਾਂ ਦਾ ਰਤੀਆ ਵਿੱਚ ਬਜਰੰਗ ਚਾਟ ਭੰਡਾਰ ’ਤੇ ਭਰਵਾਂ ਸੁਆਗਤ ਕੀਤਾ ਗਿਆ। ਚਾਟ ਭੰਡਾਰ ’ਤੇ ਸੰਘਰਸ਼ ਦੀ ਜਿੱਤ ਨੂੰ ਲੈ ਕੇ ਕਿਸਾਨਾਂ ਲਈ ਗੋਲ ਗੱਪਿਆਂ ਦਾ ਲੰਗਰ ਲਾਇਆ ਗਿਆ। ਚਾਟ ਭੰਡਾਰ ਦੇ ਮਾਲਕ ਅਤਰ ਸਿੰਘ ਨੇ ਦੱਸਿਆ ਕਿ ਉਸ ਨੇ ਅੰਦੋਲਨ ਦੀ ਸ਼ੁਰੂਆਤ ’ਤੇ ਇਹ ਸਹੁੰ ਚੁੱਕੀ ਸੀ ਕਿ ਜਦੋਂ ਕਿਸਾਨ ਸੰਘਰਸ਼ ਜਿੱਤ ’ਕੇ ਘਰਾਂ ਨੂੰ ਵਾਪਸ ਪਰਤਣਗੇ ਤਾਂ ਉਨ੍ਹਾਂ ਲਈ ਗੋਲ ਗੱਪੇ, ਪਾਪੜੀ ਅਤੇ ਟਿੱਕੀਆਂ ਦਾ ਲੰਗਰ ਲਾਇਆ ਜਾਵੇਗਾ। ਹੁਣ ਉਸ ਦੀ ਇਹ ਇੱਛਾ ਪੂਰੀ ਹੋ ਗਈ ਹੈ ਅਤੇ ਕਿਸਾਨ ਇਹ ਸੰਘਰਸ਼ ਜਿੱਤ ’ਕੇ ਘਰਾਂ ਨੂੰ ਵਾਪਸ ਪਰਤ ਰਹੇ ਹਨ। ਇਸ ਲਈ ਅੱਜ ਸਾਰਾ ਦਿਨ ਉਨ੍ਹਾਂ ਲਈ ਗੋਲ ਗੱਪਿਆਂ ਦਾ ਲੰਗਰ ਲਾਇਆ ਗਿਆ। ਇਸ ਮੌਕੇ ਪੰਜਾਬ ਦੇ ਕਿਸਾਨਾਂ ਗੁਰਮੇਲ ਸਿੰਘ, ਲੱਖਣ ਸਿੰਘ, ਮੇਜਰ ਸਿੰਘ, ਰਾਮ ਸਿੰਘ ਆਦਿ ਨੇ ਉਸ ’ਤੇ ਮਾਣ ਮਹਿਸੂਸ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਘਰ ਵਾਪਸੀ ’ਤੇ ਜੋ ਪਿਆਰ ਮਿਲਿਆ ਹੈ। ਉਸ ਨੂੰ ਉਹ ਕਦੇ ਵੀ ਭੁੱਲਾ ਨਹੀਂ ਸਕਣਗੇ। ਇਸ ਮੌਕੇ ਕਿਸਾਨ ਗੋਲ ਗੱਪੇ ਖਾ ਕੇ ਖੂਬ ਪ੍ਰਸੰਨ ਹੋ ਗਏ।