ਹਿਸਾਰ, 3 ਸਤੰਬਰ
ਗੋਆ ਪੁਲੀਸ ਨੂੰ ਮਰਹੂਮ ਅਭਿਨੇਤਰੀ ਤੇ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਹਿਸਾਰ (ਹਰਿਆਣਾ) ਰਿਹਾਇਸ਼ ਤੋਂ ਤਿੰਨ ਡਾਇਰੀਆਂ ਬਰਾਮਦ ਹੋਈਆਂ ਹਨ। ਗੋਆ ਪੁਲੀਸ ਲਗਾਤਾਰ ਤੀਜੇ ਦਿਨ ਸੰਤ ਨਗਰ ਸਥਿਤ ਫੋਗਾਟ ਦੀ ਰਿਹਾਇਸ਼ ਉਤੇ ਗਈ ਸੀ। ਉਨ੍ਹਾਂ ਸੋਨਾਲੀ ਦੇ ਕਮਰੇ, ਪਾਸਵਰਡ ਨਾਲ ਸੁਰੱਖਿਅਤ ਲਾਕਰ ਦਾ ਜਾਇਜ਼ਾ ਲਿਆ। ਪੁਲੀਸ ਨੇ ਲਾਕਰ ਨੂੰ ਸੀਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਗੋਆ ਪੁਲੀਸ ਦੇ ਇੰਸਪੈਕਟਰ ਥਿਰੋਨ ਡੀ’ਕੋਸਟਾ ਦੀ ਅਗਵਾਈ ਵਿਚ ਪੁਲੀਸ ਟੀਮ ਕੁਝ ਦਿਨ ਪਹਿਲਾਂ ਕੇਸ ਦੀ ਜਾਂਚ ਲਈ ਹਿਸਾਰ ਆਈ ਸੀ। ਉਨ੍ਹਾਂ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਹੀ ਕਿਸੇ ਨਤੀਜੇ ਉਤੇ ਪਹੁੰਚਿਆ ਜਾ ਸਕਦਾ ਹੈ। ਇਸੇ ਦੌਰਾਨ ਫੋਗਾਟ ਦੇ ਭਰਾ ਵਤਨ ਢਾਕਾ ਨੇ ਦੱਸਿਆ ਕਿ ਸ਼ੁੱਕਰਵਾਰ ਪੁਲੀਸ ਟੀਮ ਕਰੀਬ ਤਿੰਨ ਘੰਟੇ ਉਨ੍ਹਾਂ ਦੇ ਘਰ ਰਹੀ। ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕ ਲਾਕਰ ਖੁੱਲ੍ਹ ਨਹੀਂ ਸਕਿਆ ਤੇ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ। -ਏਐੱਨਆਈ