ਕੇ.ਕੇ. ਬਾਂਸਲ
ਰਤੀਆ, 5 ਜੁਲਾਈ
ਇਸ ਵਾਰ ਮੌਨਸੂਨ ਦੇ ਦੇਰੀ ਨਾਲ ਆਉਣ ਕਾਰਨ ਰਤੀਆ ਵਿੱਚੋਂ ਦੀ ਲੰਘ ਰਹੀ ਘੱਗਰ ਨਦੀ ਵੀ ਸੁੱਕ ਗਈ ਹੈ, ਜਿਸ ਮਗੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਥੱਠੇ ਜਾਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਰਤੀਆ ਖੇਤਰ ਲਈ ਵਰਦਾਨ ਮੰਨੀ ਜਾਂਦੀ ਘੱਗਰ ਨਦੀ ਮੌਨਸੂਨ ਦੀ ਦੇਰੀ ਦੇ ਚੱਲਦਿਆਂ ਇਸ ਵਾਰ ਆਪਣੀ ਹੋਂਦ ਖਤਮ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਨਦੀ ਵਿੱਚ ਮੌਨਸੂਨ ਦੇ ਚੱਲਦਿਆਂ ਹੜ੍ਹ ਆਉਣ ਦੀ ਸਥਿਤੀ ਨਾਲ ਨਿਪਟਨ ਲਈ ਪ੍ਰਸ਼ਾਸਨ ਨੇ ਪੁਸ਼ਤਾ ਇੰਤਜਾਮ ਵੀ ਕੀਤੇ ਹਨ ਤੇ ਵੱਖ-ਵੱਖ ਵਿਭਾਗਾਂ ਦੀਆਂ ਇਸ ਸਬੰਧੀ ਡਿਊਟੀਆਂ ਵੀ ਲਗਾਈਆਂ ਗਈਆਂ ਹਨ। ਹਰ ਸਾਲ ਜੂਨ ਅਤੇ ਜੁਲਾਈ ਮਹੀਨੇ ਵਿੱਚ ਪਾਣੀ ਨਾਲ ਆਪਣੇ ਜੋਬਨ ’ਤੇ ਵਗਣ ਵਾਲੀ ਘੱਗਰ ਨਦੀ ਇਸ ਬਾਰ ਸੁੱਕੀ ਦਿਖਾਈ ਦੇ ਰਹੀ ਹੈ। ਜਿਸ ਕਾਰਨ ਸਿੰਜਾਈ ਲਈ ਨਦੀ ’ਤੇ ਟੇਕ ਲਗਾਉਣ ਵਾਲੇ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਮੌਨਸੂਨ ਦੇ 2-3 ਦਿਨਾਂ ਤੱਕ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਧਰਤੀ ਹੇਠਲਾ ਪਾਣੀ ਵੀ ਉੱਪਰ ਆ ਜਾਵੇਗਾ। ਪਹਿਲਾਂ ਪੁਲ ਥੱਲੇ ਪਾਣੀ ਦੇ ਠਹਿਰਾਓ ਲਈ ਬੰਨ੍ਹ ਲਗਾਏ ਜਾਣ ਕਾਰਨ ਕਿਸਾਨ ਪੰਪ ਲਾ ਕੇ ਝੋਨੇ ਦੀ ਬਿਜਾਈ ਕਰ ਲੈਂਦੇ ਸਨ, ਪਰ ਇਸ ਵਾਰ ਮਾਨਸੂਨ ’ਤੇ ਹੀ ਆਸ ਲਗਾਈ ਗਈ ਹੈ। ਐੱਸਡੀਐੱਮ ਭਾਰਤ ਭੂਸ਼ਣ ਕੌਸ਼ਿਕ ਦਾ ਕਹਿਣਾ ਹੈ ਕਿ ਮੌਨਸੂਨ ਦੌਰਾਨ ਹੜ੍ਹਾਂ ਦੇ ਸੰਭਾਵਿਤ ਖਤਰੇ ਨੂੰ ਦੇਖਦਿਆਂ ਵੱਖ ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।