ਪੱਤਰ ਪ੍ਰੇਰਕ
ਟੋਹਾਣਾ, 15 ਜੁਲਾਈ
ਜ਼ਿਲ੍ਹਾ ਹਿਸਾਰ ਤੇ ਜ਼ਿਲ੍ਹਾ ਫਤਿਹਾਬਾਦ ਦੇ ਸੀਨੀਅਰ ਮੇਡੀਕਲ ਅਫ਼ਸਰ ਦੀ ਸਾਂਝੀ ਟੀਮ ਨੇ ਬਰਵਾਲਾ ਕਸਬੇ ਦੇ ਵਾਰਡ-14 ਦੀ ਤਾਰਾ ਨਗਰੀ ਦੀ ਇਕ ਔਰਤ ਦੇ ਘਰ ਛਾਪਾ ਮਾਰ ਕੇ ਲਿੰਗ ਜਾਂਚ ਕਰਾਉਣ ਆਈ ਭਿਵਾਨੀ ਦੇ ਬਹਿਲ ਕਸਬੇ ਦੀ ਔਰਤ, ਟੋਹਾਣਾ ਦੇ ਨਿੱਜੀ ਹਸਪਤਾਲ ਦੀ ਨਰਸ ਤੇ ਕੰਪਾਊਂਡਰ ਤੋਂ ਇਲਾਵਾ ਬਰਵਾਲਾ ਦੇ ਇਕ ਡਾਕਟਰ ਨੂੰ ਨਾਮਜ਼ਦ ਕਰਦੇ ਹੋਏ ਲਿੰਗ ਜਾਂਚ ਦਾ ਲੈਪਟਾਪ ਇਲੈਕਟਰੋਨਿਕਸ ਮਸ਼ੀਨਰੀ ਕਬਜ਼ੇ ਵਿੱਚ ਲਏ ਗਏ ਹਨ। ਜ਼ਿਕਰਯੋਗ ਹੈ ਕਿ ਪੰਜ ਡਾਕਟਰਾਂ ਦੀ ਟੀਮ ਡਾ. ਕਾਮਿਦ ਮੋਗਾ, ਡਾ: ਪ੍ਰਭੂ ਦਿਆਲ, ਡਾ. ਤਰੁਣ ਭੁਟਾਨੀ ਹਿਸਾਰ ਤੇ ਫਤਿਹਾਬਾਦ ਡਿਪਟੀ ਸੀਐੱਮਓ ਡਾ. ਹਨੂੰਮਾਨ ਸਿੰਘ ਤੇ ਡਾ. ਗਿਰੀਸ਼ ਦੀ ਸਾਂਝੀ ਟੀਮ ਨੇ ਤਾਰਾ ਨਗਰੀ ਦੇ ਮਕਾਨ ’ਤੇ ਛਾਪਾ ਮਾਰਿਆ। ਡਾ. ਹਨੂੰਮਾਨ ਸਿੰਘ ਨੇ ਦੱਸਿਆ ਕਿ ਕਮਰੇ ਵਿੱਚੋ ਦੋ ਗਾਹਕਾਂ ਵੱਲੋਂ ਦਿੱਤੇ ਗਏ 20-20 ਹਜ਼ਾਰ ਦੀ ਨਕਦੀ ਕੁੱਲ 40 ਹਜ਼ਾਰ ਬਰਾਮਦ ਕੀਤੀ ਗਈ ਤੇ ਇਕ ਗਾਹਕ ਵੱਲੋਂ ਆਨਲਾਈਨ 20 ਹਜ਼ਾਰ ਖਾਤੇ ਵਿੱਚ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਡਾਕਟਰਾਂ ਦੀ ਟੀਮ ਦੇ ਛਾਪੇ ਦਾ ਪਤਾ ਲੱਗਣ ’ਤੇ ਮਕਾਨ ਮਾਲਕ ਔਰਤ ਤੇ ਨਿੱਜੀ ਹਸਪਤਾਲ ਦੇ ਡਾਕਟਰ ਮੌਕੇ ਤੋਂ ਕੁਝ ਸੈਕਿੰਡ ਪਹਿਲਾਂ ਨਿਕਲ ਗਏ। ਡਾਕਟਰਾਂ ਦੀ ਟੀਮ ਨੇ ਬਹਿਲ ਕਸਬੇ ਦੀ ਔਰਤ, ਟੋਹਾਣਾ ਨਿੱਜੀ ਹਸਪਤਾਲ ਦੀ ਨਰਸ ਤੇ ਕੰਪਾਊਂਡਰ ਤੇ ਮਕਾਨ ਮਾਲਕ ਤੇ ਇਕ ਡਾਕਟਰ ਨੂੰ ਨਾਮਜ਼ਦ ਕਰਕੇ ਉਚ ਸਿਹਤ ਅਧਿਕਾਰੀਆਂ ਨੂੰ ਲਿੰਗ ਜਾਂਚ ਦੀ ਕਬਜ਼ੇ ਵਿੱਚ ਲਈ ਮਸ਼ਨਰੀ ਦੀ ਰਿਪੋਰਟ ਭੇਜੀ ਹੈ।
ਨਿੱਜੀ ਹਸਪਤਾਲ ਦੇ ਡਾਕਟਰਾਂ ਦਾ ਨਾਂ ਆਉਣ ਤੇ ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਸਦਾ ਲਿੰਗ ਜਾਂਚ ਮਾਮਲੇ ਵਿੱਚ ਕੋਈ ਹੱਥ ਨਈ ਹੈ। ਉਹ ਸਮਾਜਸੇਵੀ ਹੈ ਤੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਛਾਪਾਮਾਰ ਡਾਕਟਰਾਂ ਦੀ ਟੀਮ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮਕਾਨ ਅੰਦਰ ਪੁਖ਼ਤਾ ਸਬੂਤ ਮਿਲੇ ਹਨ। ਜਿਨ੍ਹਾਂ ਦੇ ਆਧਾਰ ’ਤੇ ਰਿਪੋਰਟ ਤਿਆਰ ਕੀਤੀ ਗਈ ਹੈ।