ਰਤੀਆ (ਪੱਤਰ ਪ੍ਰੇਰਕ): ਨਵੀਂ ਗਊਸ਼ਾਲਾ ਰਤੀਆ ਕੋਲ ਲਾਵਾਰਿਸ ਪਸ਼ੂਆਂ ਨੂੰ ਫੜਨ ਗਈ ਗਊਸ਼ਾਲਾ ਕਮੇਟੀ ਦੀ ਟੀਮ ’ਤੇ ਭੂਤਰੇ ਢੱਠੇ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਗਊਸ਼ਾਲਾ ਦਾ ਮੈਨੇਜਰ ਸੁਰੇਸ਼ ਕੁਮਾਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ। ਡਾਕਟਰੀ ਟੀਮ ਨੇ ਉਸ ਦੀ ਹਾਲਤ ਗੰਭੀਰ ਹੋਣ ’ਤੇ ਫਤਿਆਬਾਦ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ। ਮੈਨੇਜਰ ਦਾ ਸ਼ਹਿਰ ਦੇ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਸ ਨਗਰ ਪਾਲਿਕਾ ਦੇ ਅਧਿਕਾਰੀਆਂ ਅਤੇ ਗਊਸ਼ਾਲਾ ਦੀ ਟੀਮ ਨੂੰ ਜੇਬੀਸੀ ਮਸ਼ੀਨ ਨਾਲ ਆਵਾਰਾ ਢੱਠੇ ਨੂੰ ਕਾਬੂ ਕਰਨ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਦੱਸਣਯੋਗ ਹੈ ਕਿ ਇਸ ਅਮਰੀਕੀ ਢੱਠੇ ਨੇ ਕੁੱਝ ਦਿਨ ਪਹਿਲਾ ਰਾਮ ਨਗਰ ਕਲੌਨੀ ਦੇ ਵਸਨੀਕ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਮਾਂ-ਪੁੱਤ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਮੌਕੇ ਨਗਰ ਪਾਲਿਕਾ ਦੇ ਸਫ਼ਾਈ ਇੰਚਾਰਜ ਮੁਕੇਸ਼ ਕੁਮਾਰ, ਦਰੋਗਾ ਭੂਪ ਚੰਦ, ਤਰਸੇਮ, ਸੰਜੇ, ਸੰਨੀ, ਰਕੇਸ਼, ਵਿਜੈ, ਸੁਖਵਿੰਦਰ ਗੋਇਲ ਆਦਿ ਹੋਰ ਵੀ ਹਾਜ਼ਰ ਸਨ।