ਪੱਤਰ ਪ੍ਰੇਰਕ
ਏਲਨਾਬਾਦ, 14 ਜੁਲਾਈ
ਬੀਤੀ ਰਾਤ ਇੱਥੋਂ ਨਾਲ ਲੱਗਦੇ ਰਾਜਸਥਾਨ ਦੇ ਪਿੰਡ ਤਲਵਾੜਾ ਝੀਲ ਕੋਲ ਸਥਿਤ ਭਗਵਤੀ ਇੱਟ ਭੱਠੇ ਤੋਂ ਕੁਝ ਨਕਾਬਪੋਸ਼ ਲੁਟੇਰੇ ਹਥਿਆਰ ਦਿਖਾ ਕੇ ਚਾਰ ਟਰੈਕਟਰ-ਟਰਾਲੀਆਂ ਲੁੱਟ ਕੇ ਫਰਾਰ ਹੋ ਗਏ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਚੌਕੀਦਾਰ ਗੁਰਚਰਨ ਸਿੰਘ ਵਾਸੀ ਬੇਹਰਵਾਲਾ ਨੇ ਦੱਸਿਆ ਕਿ ਰਾਤ ਕਰੀਬ 12-1 ਵਜੇ ਹਥਿਆਰਾਂ ਨਾਲ ਲੈਸ ਤਿੰਨ ਨੌਜਵਾਨ ਭੱਠੇ ’ਤੇ ਆਏ ਅਤੇ ਉਸ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਨੂੰ ਰੱਸੇ ਨਾਲ ਬੰਨ੍ਹ ਕੇ ਬਾਥਰੂਮ ਵਿੱਚ ਬੰਦ ਕਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਕੀਤੀ ਨਾਕੇਬੰਦੀ ਦੌਰਾਨ ਪੁਲੀਸ ਨੂੰ ਪਿੰਡ ਚੰਦੂਰਵਾਲੀ ਕੋਲ ਇੱਕ ਟਰੈਕਟਰ-ਟਰਾਲੀ ਲਵਾਰਿਸ ਹਾਸਲ ਵਿੱਚ ਖੜ੍ਹਾ ਮਿਲ ਗਿਆ ਹੈ। ਪੁਲੀਸ ਨੇ ਕੇਸ ਦਰਜ ਕੀਤਾ ਹੈ।