ਪ੍ਰਭੂ ਦਿਆਲ
ਸਿਰਸਾ, 4 ਅਪਰੈਲ
ਇਥੋਂ ਦੀ ਢਾਣੀ ਕਾਹਨ ਸਿੰਘ ਨੇੜੇ ਮੰਗਾਲਾ ਮਾਈਨਰ ’ਚ ਪਾੜ ਪੈਣ ਨਾਲ ਪੰਜਾਹ ਕਿੱਲੇ ਪੱਕੀ ਫ਼ਸਲ ਪਾਣੀ ਨਾਲ ਨੁਕਸਾਨੀ ਗਈ। ਪੀੜਤ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ। ਮਿੰਨੀ ਸਕੱਤਰੇਤ ’ਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਆਏ ਪਿੰਡ ਦੇ ਸਰਪੰਚ ਪ੍ਰਤੀਨਿਧੀ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਮੰਗਾਲਾ ਮਾਈਨਰ ’ਚ ਸਮਰਥਾ ਤੋਂ ਵੱਧ ਪਾਣੀ ਛੱਡਿਆ ਗਿਆ ਜਿਸ ਕਾਰਨ ਰਾਤ ਮਾਈਨਰ ’ਚ ਪਾੜ ਪੈ ਗਿਆ। ਪਿੰਡ ਦੇ ਕਿਸਾਨਾਂ ਨੇ ਰਲ ਕੇ ਪਿਆ ਪਾੜ ਤਾਂ ਭਰ ਲਿਆ ਪਰ ਪਾੜ ਭਰਦਿਆਂ ਤੱਕ ਤਕਰੀਬਨ ਪੰਜਾਹ ਕਿੱਲੇ ਪੱਕੀ ਫ਼ਸਲ ਪਾਣੀ ਨਾਲ ਭਰ ਗਈ। ਉਨ੍ਹਾਂ ਨੇ ਦੱਸਿਆ ਕਿ ਪਾਣੀ ਕਾਰਨ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਉਨ੍ਹਾਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਮਾਈਨਰ ’ਚ ਜ਼ਿਆਦਾ ਪਾਣੀ ਛੱਡੇ ਜਾਣ ਕਾਰਨ ਫ਼ਸਲਾਂ ਨੁਕਸਾਨੀਆਂ ਜਾ ਚੁੱਕੀਆਂ ਹਨ। ਪੀੜਤ ਕਿਸਾਨਾਂ ਨੇ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।