ਪੱਤਰ ਪ੍ਰੇਰਕ
ਜੀਂਦ, 30 ਸਤੰਬਰ
ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਫਾਇਦੇ ਲਈ ਈ-ਨੁਕਸਾਨ ਪੂਰਤੀ ਆਰੰਭ ਕੀਤਾ ਹੈ, ਜਿਸ ਰਾਹੀਂ ਕਿਸਾਨ ਹੁਣ ਕੁਦਰਤੀ ਮਾਰ ਕਾਰਨ ਨੁਕਸਾਨੀ ਗਈ ਫ਼ਸਲ ਦਾ ਜਾਇਜ਼ਾ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਡਾ. ਮਨੋਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰੀ ਮੀਂਹ ਕਾਰਨ ਜ਼ਿਲ੍ਹੇ ਵਿੱਚ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਨੁਕਸਾਨੀ ਗਈ ਹੈ, ਉਹ 72 ਘੰਟਿਆਂ ਦੇ ਅੰਦਰ ‘ਈ-ਫ਼ਸਲ ਨੁਕਸਾਨ ਪੂਰਤੀ’ ਪੋਰਟਲ ’ਤੇ ਫ਼ਸਲ ਦੀ ਭਰਪਾਈ ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਨੁਕਸਾਨੀ ਫ਼ਸਲ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ ਦੇ ਇਰਾਦੇ ਨਾਲ ਸੂਬਾ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਪੋਰਟਲ ਉੱਤੇ ਕਿਸਾਨ ਸਮੇਂ-ਸਮੇਂ ’ਤੇ ਆਪਣੀ ਅਰਜ਼ੀ ਦੀ ਸਥਿਤੀ ਬਾਰੇ ਜਾਣ ਸਕਦੇ ਹਨ। ਉਨ੍ਹਾਂ ਮੀਂਹ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਪੋਰਟਲ ’ਤੇ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ।