ਆਤਿਸ਼ ਗੁਪਤਾ
ਚੰਡੀਗੜ੍ਹ, 1 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦਾ ਸੇਕ ਹੁਣ ਭਾਜਪਾ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਜੇਜੇਪੀ ਦੇ ਆਗੂ ਦੁਸ਼ਯੰਤ ਚੌਟਾਲਾ ਅੱਜ ਜਦੋਂ ਹਿਸਾਰ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਲਈ ਹੈਲੀਕਾਪਟਰ ਰਾਹੀਂ ਪਹੁੰਚੇ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਕਾਲੇ ਝੰਡੇ ਦਿਖਾਏ। ਕਿਸਾਨਾਂ ਨੂੰ ਜਦੋਂ ਦੁਸ਼ਯੰਤ ਚੌਟਾਲਾ ਦੇ ਆਉਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਹਿਸਾਰ ਹਵਾਈ ਅੱਡੇ ਦਾ ਘਿਰਾਓ ਕਰ ਦਿੱਤਾ। ਕਿਸਾਨਾਂ ਨੇ ਸ੍ਰੀ ਚੌਟਾਲਾ ਨੂੰ ਵਾਪਸ ਜਾਣ ਸਬੰਧੀ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਸਨ। ਉਨ੍ਹਾਂ ਨੂੰ ਬੈਰੀਕੇਡ ਅਤੇ ਜਲ ਤੋਪਾਂ ਰਾਹੀਂ ਅੱਗੇ ਵੱਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਗੁੱਸੇ ’ਚ ਆਏ ਕਿਸਾਨਾਂ ਨੇ ਬੈਰੀਕੇਡ ਉਖਾੜ ਸੁੱਟੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸ਼ਮਸ਼ੇਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਹਿਸਾਰ ਵਿੱਚ ਗੱਠਜੋੜ ਸਰਕਾਰ ਦੇ ਕਿਸੇ ਸਮਾਗਮ ਨੂੰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਵੱਲੋਂ ਭਾਜਪਾ-ਜੇਜੇਪੀ ਆਗੂਆਂ ਦੇ ਰਾਜਨੀਤਕ ਅਤੇ ਸਮਾਜਿਕ ਸਮਾਗਮਾਂ ਦਾ ਬਾਈਕਾਟ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਇਹ ਆਗੂ ਜਾਣਬੁੱਝ ਕੇ ਲੋਕਾਂ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ, ਇਹ ਸੰਘਰਸ਼ ਜਾਰੀ ਰਹੇਗਾ।
ਭਾਰੀ ਸੁਰੱਖਿਆ ਹੇਠ ਪਿਛਲੇ ਰਾਹ ਤੋਂ ਨਿਕਲੇ ਚੌਟਾਲਾ
ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਹਿਸਾਰ ਏਅਰਪੋਰਟ ’ਤੇ ਹੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਤਿੰਨ ਘੰਟੇ ਮੀਟਿੰਗ ਚੱਲਣ ਤੋਂ ਬਾਅਦ ਉਹ ਪਿਛਲੇ ਰਾਹ ਤੋਂ ਲੰਘ ਗਏ। ਉਨ੍ਹਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹਿਸਾਰ ਵਿੱਚ ਰਿਵਾੜੀ-ਬਠਿੰਡਾ ਰੇਲਵੇ ਲਾਈਨ ’ਤੇ ਬਣੇ ਥ੍ਰੀ-ਲੇਨ ਰੇਲਵੇ ਓਵਰਬ੍ਰਿਜ, ਅਨਾਜ ਮੰਡੀ ਨੇੜੇ ਬਣਨ ਵਾਲੇ ਓਵਰਬ੍ਰਿਜ ਅਤੇ ਹੋਰ ਕਈ ਕਾਰਜਾਂ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ 45 ਪਿੰਡਾਂ ਵਿੱਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦੇ ਟੈਂਕਰ ਰਵਾਨਾ ਕੀਤੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਹੋਰ ਵਿਕਸਿਤ ਕੀਤਾ ਜਾਵੇਗਾ।
ਖੇਤੀ ਯੂਨੀਵਰਸਿਟੀ ’ਚ ਵੀ ਕੀਤਾ ਘਿਰਾਓ
ਟੋਹਾਣਾ (ਗੁਰਦੀਪ ਸਿੰਘ ਭੱਟੀ): ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਹਿਸਾਰ ਆਉਣ ਦੀ ਖ਼ਬਰ ਮਿਲਦੇ ਸਾਰ ਹੀ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਹਿਸਾਰ ਵੱਲ ਵਹੀਰਾਂ ਘੱਤ ਦਿੱਤੀਆਂ। ਹਿਸਾਰ ਨੇੜੇ ਦੋ ਕੌਮੀ ਸੜਕਾਂ ’ਤੇ ਪੈਂਦੇ ਟੌਲ ਪਲਾਜ਼ਿਆਂ ਨੂੰ ਪਾਰ ਕਰਕੇ ਕਿਸਾਨ ਹਿਸਾਰ ਹਵਾਈ ਅੱਡੇ ’ਤੇ ਪਹੁੰਚ ਗਏ ਅਤੇ ਹਵਾਈ ਅੱਡੇ ਨੂੰ ਜਾਂਦੀਆਂ ਸੜਕਾਂ ਜਾਮ ਕਰ ਦਿੱਤੀਆਂ। ਸ੍ਰੀ ਚੌਟਾਲਾ ਦੇ ਜਦੋਂ ਖੇਤੀਬਾੜੀ ਵਰਸਿਟੀ ਕੈਂਪਸ ਵਿੱਚ ਪੁੱਜਣ ਦੀ ਖ਼ਬਰ ਮਿਲੀ ਤਾਂ ਕਿਸਾਨ ਵੀ ਟਰਾਲੀਆਂ, ਕਾਰਾਂ ਅਤੇ ਜੀਪਾਂ ’ਤੇ ਸਵਾਰ ਹੋ ਕੇ ਉਥੇ ਪੁੱਜ ਗਏ। ਉਪ ਮੁੱਖ ਮੰਤਰੀ ਕੇਵਲ ਅੰਧਾ ਘੰਟਾ ਹੀ ’ਵਰਸਿਟੀ ਵਿੱਚ ਰੁਕੇ। ਡੀਆਈਜੀ ਬਲਵਾਨ ਰਾਣਾ ਅਤੇ ਡਿਪਟੀ ਕਮਿਸ਼ਨਰ ਪ੍ਰਿਯੰਕਾ ਸੋਨੀ ਦੀ ਅਗਵਾਈ ਹੇਠ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।