ਮਹਾਂਵੀਰ ਮਿੱਤਲ
ਜੀਂਦ, 27 ਫਰਵਰੀ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੱਦੋਵਾਲ ਟੌਲ ਪਲਾਜ਼ਾ ’ਤੇ ਚੱਲ ਰਹੇ ਮੋਰਚੇ ਦੌਰਾਨ ਕਿਸਾਨਾਂ ਨੇ ਨੌਜਵਾਨ ਕਿਸਾਨ ਏਕਤਾ ਦਿਵਸ ਮਨਾਇਆ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ 5 ਨੌਜਵਾਨ ਕਿਸਾਨ ਭੁੱਖ ਹੜਤਾਲ ’ਤੇ ਬੈਠੇ। ਇਸ ਤੋਂ ਇਲਾਵਾ ਅੱਜ ਦਾ ਦਿਨ ਭਾਈਚਾਰੇ ਦੇ ਰੂਪ ਵਿੱਚ ਮਨਾਇਆ ਗਿਆ। ਕਿਸਾਨ ਆਗੂਆਂ ਨੇ ਗੁਰੂ ਰਵਿਦਾਸ ਜੈਅੰਤੀ ਅਤੇ ਚੰਦਰ ਸ਼ੇਖਰ ਆਜ਼ਾਦ ਨੂੰ ਯਾਦ ਕਰਕੇ ਅੰਦੋਲਨ ਵਿੱਚ ਨਵਾਂ ਜੋਸ਼ ਭਰਿਆ। ਇਸ ਮੌਕੇ ’ਤੇ ਸੁਨੀਲ ਬੱਦੋਵਾਲ ਨੇ ਕਿਹਾ ਕਿ ਬੱਦੋਵਾਲ ਟੌਲ ’ਤੇ 36 ਬਰਾਦਰੀਆਂ ਦਾ ਪੂਰਾ ਸਹਿਯੋਗ ਹੈ ਅਤੇ ਅੰਦੋਲਨ ਜਿਉਂ ਦਾ ਤਿਉਂ ਚੱਲ ਰਿਹਾ ਹੈ। ਇਸ ਮੌਕੇ ’ਤੇ ਗੁਰੂ ਦਾ ਅਟੁਟ ਲੰਗਰ ਵੀ ਵਰਤਾਇਆ ਗਿਆ।
ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਣਧੀਰ ਸਿੰਘ ਰੇਢੂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਜਜ਼ਬਾਤ ਵਿੱਚ ਆ ਕੇ ਆਪਣੀ ਫਸਲਾਂ ਨੂੰ ਤਬਾਹ ਨਾ ਕਰਨ, ਕਿਉਂਕਿ ਫਸਲਾਂ ਨਾਲ ਕਿਸਾਨਾਂ ਨੂੰ ਡੂੰਘਾ ਸਬੰਧ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਅਜੇ ਫਸਲਾਂ ਤਬਾਹ ਕਰਨ ਦਾ ਸਮਾਂ ਨਹੀਂ ਆਇਆ, ਹਾਲੇ ਤਾਂ ਕਿਸਾਨ ਸੰਘਰਸ਼ ਕਰਨ ਵਿੱਚ ਸਮਰੱਥ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗੈਸ, ਡੀਜ਼ਲ ਅਤੇ ਪਟਰੋਲ ਦੇ ਅੰਨੇਵਾਹ ਰੇਟ ਵਧਾ ਕੇ ਆਮ ਵਿਅਕਤੀ ਅਤੇ ਕਿਸਾਨਾਂ ਦੀ ਕਮਰ ਤੜ ਦਿੱਤੀ ਹੈ ਜਦੋਂ ਕਿ ਹੁਣ ਅਤੇ ਪਹਿਲਾਂ ਅੰਤਰ ਰਾਸ਼ਟਰੀ ਬਾਜ਼ਾਰ ਦੇ ਅੰਕੜੇ ਅਲੱਗ-ਅਲੱਗ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਵਧਾਈਆਂ ਗਈਆਂ ਕੀਮਤਾਂ ਨੂੰ ਤੁਰੰਤ ਵਾਪਸ ਲਿਆ ਜਾਵੇ।