ਨਿੱਜੀ ਪੱਤਰ ਪ੍ਰੇਰਕ
ਸਿਰਸਾ, 13 ਸਤੰਬਰ
ਮੌਜਗੜ੍ਹ ਹੈੱਡ ਤੋੜਨ ਦੇ ਵਿਰੋਧ ਵਿੱਚ ਇਕ ਦਰਜਨ ਤੋਂ ਵਧ ਪਿੰਡਾਂ ਦੇ ਕਿਸਾਨਾਂ ਨੇ ਅੱਜ ਮਿਨੀ ਸਕੱਤਰੇਤ ਦੇ ਬਾਹਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ। ਮਿਨੀ ਸਕੱਤਰੇਤ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਖੁਸ਼ਦੀਪ ਸਿੰਘ, ਗੁਰਦੀਪ ਸਿੰਘ, ਜਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਮੌਜਗੜ੍ਹ ਦੇ ਨੇੜੇ ਭਾਖੜਾ ਨਹਿਰ ’ਚ ਹੈੱਡ ਬਣਿਆ ਹੋਇਆ ਹੈ, ਜਿਸ ਨੂੰ ਹੁਣ ਰਾਜਸੀ ਦਖ਼ਲਅੰਦਾਜ਼ੀ ਮਗਰੋਂ ਤੋੜਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੌਜਗੜ੍ਹ ਹੈੱਡ ਤੋਂ ਭਾਖੜਾ ’ਚੋਂ 7 ਮਾਈਨਰ ਨਿਕਲਦੇ ਹਨ, ਜਿਨ੍ਹਾਂ ਜ਼ਰੀਏ 16 ਪਿੰਡਾਂ ਦੇ ਖੇਤਾਂ ਨੂੰ ਪਾਣੀ ਪਹੁੰਚਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਹੈੱਡ ਨੂੰ ਇਥੋਂ ਤੋੜ ਕੇ ਅੱਗੇ ਸ਼ਹਿਰ ਨੇੜੇ ਬਣਾਇਆ ਜਾਂਦਾ ਹੈ ਤਾਂ ਇਨ੍ਹਾਂ 16 ਪਿੰਡਾਂ ਦੇ ਖੇਤਾਂ ਨੂੰ ਪਾਣੀ ਨਹੀਂ ਮਿਲੇਗਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮੌਜਗੜ੍ਹ ਹੈੱਡ ਨੂੰ ਨਾ ਤੋੜਿਆ ਜਾਵੇ।