ਪ੍ਰਭੂ ਦਿਆਲ
ਸਿਰਸਾ, 4 ਸਤੰਬਰ
ਭਾਰਤੀ ਕਿਸਾਨ ਏਕਤਾ (ਬੀਕੇਈ) ਵੱਲੋਂ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਤੇ ਹੋਰ ਕਿਸਾਨੀ ਮੰਗਾਂ ਲਈ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੰਗਾਂ ਪੂਰੀਆਂ ਨਾ ਹੋਣ ’ਤੇ ਕਿਸਾਨਾਂ ਨੇ ਮਿੰਨੀ ਸਕੱਤਰੇਤ ’ਚ ਪੱਕਾ ਮੋਰਚਾ ਲਾਉਣ ਦੀ ਚਿਤਾਵਨੀ ਦਿੱਤੀ। ਭਾਰਤੀ ਕਿਸਾਨ ਏਕਤਾ ਨਾਲ ਜੁੜੇ ਕਿਸਾਨ ਅੱਜ ਨਹਿਰੂ ਪਾਰਕ ਇਕੱਠੇ ਹੋਏ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਕੇਈ ਦੇ ਸੂਬਾਈ ਪ੍ਰਧਾਨ ਲੱਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਕਿਸਾਨਾਂ ਵੱਲੋਂ ਲੰਮੇ ਸਮੇਂ ਤੋਂ ਗੁਲਾਬੀ ਸੁੰਡੀ ਤੇ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਬੀਮਾ ਕੰਪਨੀਆਂ ਵੱਲੋਂ ਕਿਸਾਨਾਂ ਦੇ ਖਾਤਿਆਂ ’ਚੋਂ ਪ੍ਰੀਮੀਅਮ ਤਾਂ ਕੱਟ ਲਿਆ ਜਾਂਦਾ ਹੈ ਪਰ ਫ਼ਸਲ ਦੇ ਖ਼ਰਾਬ ਹੋਣ ’ਤੇ ਉਨ੍ਹਾਂ ਨੂੰ ਮੁਅਵਜ਼ਾ ਨਹੀਂ ਦਿੱਤਾ ਜਾਂਦਾ। ਜੇ ਛੇ ਸਤੰਬਰ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ 7 ਸਤੰਬਰ ਤੋਂ ਮਿੰਨੀ ਸਕੱਤਰੇਤ ’ਚ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਾ ਦਿੱਤਾ ਜਾਵੇਗਾ। ਇਸ ਮੌਕੇ ’ਤੇ ਜਗਜੀਤ ਸਿੰਘ ਮਾਨ, ਲੀਲਾ ਸਿੰਘ ਸਾਹੂਵਾਲਾ, ਗੁਰਜੀਤ ਸਿੰਘ ਮਾਨ, ਜਗਜੀਤ ਸਿੰਘ ਸਿੱਧੂ, ਗੁਰਜੀਤ ਸਿੰਘ ਕੁਲਾਰ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ, ਬੇਅੰਤ ਸਿੰਘ, ਨਛਤਰ ਸਿੰਘ, ਭੁਪਿੰਦਰ ਪੰਨੀਵਾਲੀਆ ਤੇ ਰਾਮ ਸਿੰਘ ਸਮੇਤ ਅਨੇਕ ਕਿਸਾਨ ਮੌਜੂਦ ਸਨ।