ਪ੍ਰਭੂ ਦਿਆਲ
ਸਿਰਸਾ, 21 ਜੂਨ
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਭਾਜਪਾ-ਜਜਪਾ ਨੇਤਾਵਾਂ ਦੇ ਵਿਰੋਧ ਦਾ ਸਿਲਸਿਲਾ ਜਾਰੀ ਹੈ। ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਹਰਿਆਣਾ ਦੇ ਉਪ ਮੁੱਖ ਮੰਤਰੀ ਕਈ ਯੋਜਨਾਵਾਂ ਦਾ ਉਦਘਾਟਨ ਕਰਨ ਪੁੱਜੇ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਗਏ ਤੇ ਜ਼ੋਰਦਾਰ ਵਿਰੋਧ ਕੀਤਾ ਗਿਆ। ਇਸ ਦੌਰਾਨ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਸਾਰੇ ਗੇਟਾਂ ’ਤੇ ਭਾਰੀ ਪੁਲੀਸ ਬਲ ਤਾਇਨਾਤ ਸੀ। ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਕਈ ਯੋਜਨਾਵਾਂ ਦੇ ਨੀਂਹ ਪੱਥਰ ਰੱਖੇ ਤੇ ਕਈਆਂ ਦਾ ਉਦਘਾਟਨ ਕੀਤਾ। ਉਪ ਮੁੱਖ ਮੰਤਰੀ ਦੇ ਪ੍ਰੋਗਰਾਮ ਦੀ ਭਿਣਕ ਜਦੋਂ ਕਿਸਾਨਾਂ ਨੂੰ ਲੱਗੀ ਤਾਂ ਉਹ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਸੀਡੀਐਲਯੂ ਦੇ ਗੇਟਾਂ ’ਤੇ ਪਹੁੰਚ ਗਏ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਤੇ ਹਰਿਆਣਾ ਸਰਕਾਰ ਤੋਂ ਇਲਾਵਾ ਭਾਜਪਾ-ਜਜਪਾ ਨੇਤਾਵਾਂ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।