ਗੁਰਦੀਪ ਸਿੰਘ ਭੱਟੀ
ਟੋਹਾਣਾ, 23 ਜਨਵਰੀ
ਕੌਮੀ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ’ਤੇ 26 ਜਨਵਰੀ ਵਾਲੇ ਦਿਨ ਕਿਸਾਨ ਪਰੇਡ ਵਿੱਚ ਸ਼ਾਮਲ ਹੋਣ ਲਈ ਕਿਸਾਨ ਦੇ ਟਰੈਕਟਰ ਟਰਾਲੀਆਂ ਤੇ ਵਾਹਨਾਂ ਦੇ ਕਾਫ਼ਲੇ ਦੀ ਕਤਾਰ ਲੰਬੀ ਹੁੰਦੀ ਜਾ ਰਹੀ ਹੈ। ਟਿਕਰੀ ਬਾਰਡਰ ’ਤੇ ਪੁੱਜਣ ਲਈ ਪੰਜਾਬ ਦੇ ਵੱਡੇ ਹਿੱਸੇ ਤੋਂ ਕਿਸਾਨਾਂ ਦੇ ਕਾਫ਼ਲੇ ਮੂਣਕ-ਟੋਹਾਣਾ ਰਸਤੇ ਰਾਹੀਂ ਬਰਵਾਲਾ ਹਾਂਸੀ, ਮਹਿਮ, ਰੋਹਤਕ ਸੜਕ ਤੋਂ ਹੁੰਦੇ ਹੋਏ ਟੋਹਾਣਾ ਪਹੁੰਚੇ, ਜਿਥੇ ਟਾਊਨ ਪਾਰਕ ’ਤੇ ਚਾਹ-ਨਾਸ਼ਤੇ ਦਾ ਪ੍ਰਬੰਧ ਕੀਤਾ ਹੋਇਆ ਹੈ, ਉਥੇ ਹੀ ਜਾਟ ਕਿਸਾਨ ਪਿੰਡਾਂ ਵਿੱਚ ਇਨ੍ਹਾਂ ਕਾਫਲਿਆਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਟਾਊਨ ਪਾਰਕ ਦੇ ਕੈਂਪ ਤੇ ਅਨਾਜ ਮੰਡੀ ਦੇ ਪ੍ਰਧਾਨ ਰਘੂਵੀਰ ਸਿੰਘ, ਸਕੱਤਰ ਰਾਜਿੰਦਰ ਸਮੈਣ, ਲਾਭ ਸਿੰਘ, ਕਿਸਾਨ ਰਮੇਸ਼ ਸਿੰਘ, ਗੁਰਦਿਆਲ ਸਿੰਘ ਵੱਲੋਂ ਨੌਜਵਾਨ ਪੰਜਾਬ ਤੋਂ ਆ ਰਹੇ ਜਥਿਆਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਲਾਭ ਸਿੰਘ ਨੇ ਦੱਸਿਆ ਕਿ ਸਵੇਰੇ ਤੋਂ ਦੁਪਹਿਰ ਤਿੰਨ ਵਜੇ ਤੱਕ ਕਰੀਬ 125 ਟਰਾਲੀਆਂ ਦਾ ਕਾਫ਼ਲਾ ਲੰਘ ਚੁੱਕਾ ਹੈ ਤੇ ਲਗਾਤਾਰ ਵਾਹਨਾਂ ਦੇ ਕਾਫ਼ਲੇ ਦਿੱਲੀ ਵਾਸਤੇ ਲੰਘ ਰਹੇ ਹਨ। ਪਿੰਡ ਧਲੇਵਾਂ ਜ਼ਿਲ੍ਹਾ ਮਾਨਸਾ ਤੋਂ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਹਰਮੀਤ ਸਿੰਘ, ਕੁਲਦੀਪ ਸਿੰਘ, ਜਗਰਾਜ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਜਸ਼ਨਦੀਪ, ਗਮਦੁਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ ਤਿੰਨ ਟਰੈਕਟਰ ਟਰਾਲੀ ਖਾਣਪੀਣ ਦਾ ਸਾਮਾਨ ਕੱਪੜੇ ਲੈਕੇ ਪਿੰਡ ਵਾਸੀਆਂ ਨੇ 11 ਵਜੇ ਦਿੱਲੀ ਕੂਚ ਵਾਸਤੇ ਗੁਰੂਘਰ ਵਿੱਚ ਅਰਦਾਸ ਕਰਕੇ ਤੋਰਿਆ ਸੀ।
ਗੂਹਲਾ-ਚੀਕਾ (ਪੱਤਰ ਪ੍ਰੇਰਕ): ਦਿੱਲੀ ਜਾਣ ਲਈ ਅੱਜ ਚੀਕਾ ਸ਼ਹਿਰ ਤੋਂ ਹੁੰਦੇ ਹੋਏ ਖੇਤਰੀ ਪਿੰਡਾਂ ਤੋਂ ਭਾਰੀ ਮਾਤਰਾ ਵਿੱਚ ਟਰੈਕਟਰਾਂ ਦੀ ਰਵਾਨਗੀ ਹੋਈ। ਚੀਕਾ ਦੇ ਸ਼ਹੀਦ ਉਧਮ ਸਿੰਘ ਚੌਕ ਤੋਂ ਹੁੰਦੇ ਹੋਏ ਇਹ ਟਰੈਕਟਰ ਪਿੰਡ ਭਾਗਲ ਵਿੱਚ ਇਕੱਠੇ ਹੋਏ ਜਿੱਥੋਂ ਅਣਗਿਣਤ ਦੀ ਤਾਦਾਤ ਵਿੱਚ ਟਰੈਕਟਰ ਗਣਤੰਤਰ ਦਿਨ ਪਰੇਡ ਲਈ ਦਿੱਲੀ ਲਈ ਰਵਾਨਾ ਹੋਏ। ਕਿਸਾਨ ਚਮਕੌਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਮੇਲ ਸਿੰਘ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ, ਜਰਨੈਲ ਸਿੰਘ, ਜਗਦੇਵ ਸਿੰਘ ਸੀੜਾ, ਸੁਭਾਸ਼ ਪੂਨਿਆਂ , ਰਤਨ ਸਿੰਘ ਪੂਨਿਆਂ, ਸੰਦੀਪ ਪੀੜਲ , ਗੁਲਜ਼ਾਰ ਸਿੰਘ ਨੰਬਰਦਾਰ, ਗੁਰਪਾਲ ਸਿੰਘ ਗਗੜਪੂਰ, ਸੁਦੇਸ਼ ਕੁਮਾਰ, ਰਾਜ ਸੀੜਾ , ਨਿਰੇਸ਼ ਪੂਨਿਆਂ , ਚੜਤ ਸਿੰਘ ਟਟਿਆਨਾ ਆਦਿ ਰਵਾਨਾ ਹੋਏ।
ਕਿਸਾਨਾਂ ਦਾ ਜਥਾ ਰਵਾਨਾ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਗਣਤੰਤਰ ਦਿਵਸ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਪਿੰਡ ਮਹੂਆਖੇੜੀ ਤੋਂ ਕਿਸਾਨਾਂ ਦਾ ਜਥਾ ਦੋ ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਰਵਾਨਾ ਹੋਇਆ। ਪਿੰਡ ਦੇ ਸਾਬਕਾ ਸਰਪੰਚ ਸ਼ਯੋ ਰਾਮ ਮਲਿਕ ਦੀ ਅਗਵਾਈ ਵਿਚ ਇਸ ਜਥੇ ਵਿਚ 50 ਕਿਸਾਨ ਸ਼ਾਮਲ ਸਨ। ਕਿਸਾਨਾਂ ਦੇ ਇਸ ਜਥੇ ਨੇ ਆਪਣੇ ਟਰੈਕਟਰਾਂ ’ਤੇ ਕੌਮੀ ਝੰਡੇ ਲਹਿਰਾਏ ਹੋਏ ਸਨ ਤੇ ਜੈ ਜਵਾਨ ਜੈ ਹਿੰਦ ਦੇ ਨਾਅਰੇ ਲਾ ਰਹੇ ਸਨ। ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਦੇ ਖਿਲਾਫ਼ ਦੱਬ ਕੇ ਆਪਣੀ ਭੜਾਸ ਕੱਢੀ ਤੇ ਉਸ ਨੂੰ ਕਿਸਾਨ ਵਿਰੋਧੀ ਗਰਦਾਨਿਆ। ਇਸ ਮੌਕੇ ਸ਼ਯੋ ਰਾਮ ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕਿਸਾਨਾਂ ਦੀ ਮੰਗ ਨੂੰ ਨਾ ਮੰਨ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਜਿੰਨੇ ਮਰਜ਼ੀ ਹੱਥ ਕੰਡੇ ਅਪਨਾ ਲਏ ਸੂਬੇ ਦਾ ਕਿਸਾਨ ਆਪਣਾ ਅੰਦੋਲਨ ਉਦੋਂ ਤੱਕ ਖਤਮ ਨਹੀਂ ਕਰੇਗਾ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।