ਰਤਨ ਸਿੰਘ ਢਿੱਲੋਂ
ਅੰਬਾਲਾ, 12 ਅਗਸਤ
ਇੱਥੇ ਲੰਘੀ ਰਾਤ ਕਿਸਾਨਾਂ ਵੱਲੋਂ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤੇ ਜਾਣ ਕਾਰਨ ਹਾਲਾਤ ਕਾਫੀ ਵਿਗੜ ਗਏ। ਇਸ ਦੌਰਾਨ ਪੁਲੀਸ ਨੇ 72 ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਜਿਨ੍ਹਾਂ ਨੂੰ ਭਾਰੀ ਵਿਰੋਧੀ ਕਰਨ ਅੱਜ ਦੇਰ ਸ਼ਾਮ ਛੱਡ ਦਿੱਤਾ ਗਿਆ। ਗ੍ਰਹਿ ਮੰਤਰੀ ਅਨਿਲ ਵਿੱਜ ਦੇ ਨਿੱਜੀ ਸਹਾਇਕ ਅਜੈ ਕੁਮਾਰ ਨੂੰ ਬਰੇਨ ਹੈਮਰੇਜ ਹੋ ਗਿਆ ਸੀ। ਰਾਤ ਕਰੀਬ 8.30 ਵਜੇ ਸ੍ਰੀ ਵਿੱਜ ਅਜੈ ਦਾ ਹਾਲ-ਚਾਲ ਪੁੱਛਣ ਲਈ ਚੰਦਰਪੁਰੀ ਪਹੁੰਚੇ। ਇਸ ਦੌਰਾਨ ਚੰਦਰਪੁਰੀ ਦੀ ਛੋਟੀ ਕੰਧ ਕੋਲ ਪਹਿਲਾਂ ਤੋਂ ਖੜ੍ਹੇ ਕਿਸਾਨਾਂ ਵੱਲੋਂ ਸ੍ਰੀ ਵਿੱਜ ਦਾ ਕਾਲੇ ਝੰਡਿਆਂ ਨਾਲ ਜ਼ਬਰਦਸਤ ਵਿਰੋਧ ਕੀਤਾ ਗਿਆ। ਪੁਲੀਸ ਨੇ ਕਿਸਾਨਾਂ ਨੂੰ ਸਮਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਜਦੋਂ ਤੱਕ ਮੰਤਰੀ ਉੱਥੋਂ ਨਾ ਨਿਕਲੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਜਾਰੀ ਰਿਹਾ। ਉਪਰੰਤ ਪੁਲੀਸ ਨੇ ਦੇਰ ਰਾਤ ਤਲਾਸ਼ੀ ਮੁਹਿੰਮ ਚਲਾਈ ਅਤੇ ਨੌਜਵਾਨ ਕਿਸਾਨ ਅਮਨ ਮਛੌਂਡਾ ਨੂੰ ਗ੍ਰਿਫ਼ਤਾਰ ਕਰ ਲਿਆ। ਜਿਉਂ ਹੀ ਕਿਸਾਨਾਂ ਨੂੰ ਇਸ ਕਾਰਵਾਈ ਦਾ ਪਤਾ ਲੱਗਾ ਤਾਂ ਉਹ ਇਕੱਠੇ ਹੋ ਕੇ ਪੁਲੀਸ ਦੇ ਪਿੱਛੇ-ਪਿੱਛੇ ਸ਼ਾਸਤਰੀ ਕਾਲੋਨੀ ਕੱਟ ਤੱਕ ਪਹੁੰਚ ਗਏ। ਇਸ ਦੌਰਾਨ ਇਨ੍ਹਾਂ ਕਿਸਾਨਾਂ ਵਿਚ ਸ਼ਾਮਲ ‘ਵਾਟਰ ਕੈਨਨ ਬੁਆਏ’ ਨਵਦੀਪ ਸਿੰਘ ਜਲਬੇੜਾ ਨੂੰ ਵੀ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਇਸਸ ਮਗਰੋਂ ਮਾਮਲਾ ਹੋਰ ਵਿਗੜ ਗਿਆ। ਗ੍ਰਿਫ਼ਤਾਰੀ ਦੇ ਵਿਰੋਧ ਵਿਚ ਸੌ ਦੇ ਕਰੀਬ ਕਿਸਾਨ ਮੰਤਰੀ ਦੀ ਕਲੋਨੀ ਵਾਲੇ ਮੋੜ ਕੋਲ ਸਰਵਿਸ ਲੇਨ ’ਤੇ ਧਰਨਾ ਮਾਰ ਕੇ ਬੈਠ ਗਏ ਅਤੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ 15 ਮਿੰਟਾਂ ਵਿਚ ਦੋਹਾਂ ਕਿਸਾਨਾਂ ਨੂੰ ਨਾ ਛੱਡਿਆ ਗਿਆ ਤਾਂ ਉਹ ਜੀਟੀ ਰੋਡ ’ਤੇ ਜਾਮ ਲਗਾ ਦੇਣਗੇ। ਇਸ ਦੌਰਾਨ ਸਾਰਾ ਇਲਾਕਾ ਪੁਲੀਸ ਛਾਉਣੀ ਵਿਚ ਤਬਦੀਲ ਹੋ ਗਿਆ।
ਡੀਐੱਸਪੀ ਅੰਬਾਲਾ ਛਾਉਣੀ ਰਾਮ ਕੁਮਾਰ ਵੀ ਮੌਕੇ ’ਤੇ ਪਹੁੰਚ ਗਏ। ਇਸ ਤੋਂ ਪਹਿਲਾਂ ਕਿਸਾਨਾਂ ਨੇ ਇਲਾਕੇ ਦੇ ਬਾਕੀ ਕਿਸਾਨਾਂ ਨੂੰ ਵੀਡੀਓ ਸੁਨੇਹੇ ਭੇਜ ਕੇ ਪੜਾਓ ਥਾਣੇ ਵਿਚ ਪਹੁੰਚਣ ਲਈ ਕਿਹਾ। ਸਵੇਰੇ ਕਿਸਾਨਾਂ ਅਤੇ ਪੁਲੀਸ ਵਿਚਾਲੇ ਤਣਾਅ ਵਾਲੀ ਸਥਿਤੀ ਬਣ ਗਈ। ਮੌਕੇ ’ਤੇ ਪਹੁੰਚੇ ਐੱਸਡੀਐੱਮ ਅਤੇ ਡੀਐੱਸਪੀ ਰਾਮ ਕੁਮਾਰ ਤੇ ਡੀਐਸਪੀ ਸੁਲਤਾਨ ਸਿੰਘ ਨੇ ਕਿਸਾਨ ਆਗੂਆਂ ਨੂੰ ਧਰਨਾ ਖ਼ਤਮ ਕਰਨ ਲਈ ਕਿਹਾ ਜਦੋਂ ਕਿ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪਹਿਲਾਂ ਉਨ੍ਹਾਂ ਦੇ ਨੌਜਵਾਨ ਸਾਥੀਆਂ ਨੂੰ ਛੱਡਿਆ ਜਾਵੇ। ਅਖੀਰ ਪੁਲੀਸ ਨੇ ਕਾਰਵਾਈ ਕਰਦਿਆਂ ਧਰਨੇ ’ਤੇ ਬੈਠੇ 72 ਕਿਸਾਨਾਂ ਨੂੰ ਜ਼ਬਰਦਸਤੀ ਚੁੱਕ ਕੇ ਗੱਡੀ ਵਿੱਚ ਪਾਇਆ ਅਤੇ ਪੁਲੀਸ ਲਾਈਨ ਲੈ ਗਈ।
ਦੇਰ ਸ਼ਾਮ ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਸਾਰੇ 72 ਕਿਸਾਨਾਂ ਨੂੰ ਰਿਹਾਆ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋ ਕਿਸਾਨਾਂ ਨੂੰ ਪੁਰਾਣੇ ਤੇ ਨਵੇਂ ਕੇਸਾਂ ਦੇ ਸਬੰਧ ਵਿਚ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਜਿੱਥੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।
ਪੜਾਓ ਪੁਲੀਸ ਵੱਲੋਂ 20 ਕਿਸਾਨਾਂ ਖ਼ਿਲਾਫ਼ ਕੇਸ ਦਰਜ
ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਕਾਲੇ ਝੰਡੇ ਦਿਖਾਉਣ ’ਤੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਕਿਸਾਨਾਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਸਾਨਾਂ ਵੱਲੋਂ ਮੰਤਰੀ ਦੀ ਰਿਹਾਇਸ਼ ਸ਼ਾਸਤਰੀ ਕਲੋਨੀ ਦੇ ਕੱਟ ’ਤੇ ਧਰਨਾ ਲਗਾ ਕੇ ਜੀਟੀ ਰੋਡ ਜਾਮ ਕਰਨ ਅਤੇ ਸਰਕਾਰ ਵਿਰੋਧੀ ਨਾਅਰੇ ਲਗਾਉਣ ਦੇ ਦੋਸ਼ ਹੇਠ ਪੜਾਓ ਪੁਲੀਸ ਨੇ 20 ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਸਬ ਇੰਸਪੈਕਟਰ ਸਤਿੰਦਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਚੜੂਨੀ ਦੇ ਸੁਨੇਹਿਆਂ ’ਤੇ ਹਜ਼ਾਰਾਂ ਕਿਸਾਨ ਪੁਲੀਸ ਲਾਈਨ ਘੇਰਨ ਪੁੱਜੇ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸੋਸ਼ਲ ਮੀਡੀਆ ’ਤੇ ਸੁਨੇਹਾ ਪਾ ਕੇ ਯਮੁਨਾਨਗਰ, ਰਾਜਪੁਰਾ, ਘਨੌਰ, ਕੁਰੂਕਸ਼ੇਤਰ ਤੇ ਪੰਚਕੂਲਾ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਤੁਰੰਤ ਸ਼ੰਭੂ ਟੌਲ ਪਲਾਜ਼ਾ ਪਹੁੰਚਣ ਦੀ ਤਾਕੀਦ ਕੀਤੀ। ਦੁਪਹਿਰ ਤੱਕ ਹਜ਼ਾਰਾਂ ਕਿਸਾਨ ਪੁਲੀਸ ਲਾਈਨ ਦਾ ਘਿਰਾਓ ਕਰਨ ਲਈ ਪਹੁੰਚ ਗਏ। ਪ੍ਰਸ਼ਾਸਨ ਨੇ ਪੁਲੀਸ ਲਾਈਨ ਦੇ ਸਾਰੇ ਰਸਤੇ ਬੰਦ ਕਰ ਦਿੱਤੇ। ਵਾਟਰ ਕੈਨਨ ਅਤੇ ਬੈਰੀਕੇਡ ਵੀ ਲਗਾ ਦਿੱਤੇ ਗਏ। ਕਿਸਾਨਾਂ ਨੇ ਪੁਲੀਸ ਲਾਈਨ ਚੌਕ ਵਿੱਚ ਧਰਨਾ ਲਗਾ ਦਿੱਤਾ ਅਤੇ ਭਾਸ਼ਣ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਡੀਐੱਸਪੀ ਰਾਮ ਕੁਮਾਰ, ਡੀਐੱਸਪੀ ਸੁਲਤਾਨ ਸਿੰਘ ਅਤੇ ਐੱਸਡੀਐੱਮ ਸਚਿਨ ਗੁਪਤਾ ਦੀ ਰੈਸਟ ਹਾਊਸ ਵਿਚ ਕਿਸਾਨ ਆਗੂਆਂ ਨਾਲ ਗੱਲਬਾਤ ਵੀ ਹੋਈ। ਕਿਸਾਨ ਆਗੂਆਂ ਨੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਉਹ ਜਾਂ ਤਾਂ ਸਾਥੀ ਕਿਸਾਨਾਂ ਨੂੰ ਛੱਡਣ ਜਾਂ ਫਿਰ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਜਾਣਕਾਰੀ ਮਿਲੀ ਹੈ ਕਿ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਕੁਝ ਕਿਸਾਨਾਂ ਨੂੰ ਨਵਦੀਪ ਜਲਬੇੜਾ ਸਮੇਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਉੱਧਰ, ਐੱਸਡੀਐੱਮ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨਾ ਉਨ੍ਹਾਂ ਦਾ ਮਕਸਦ ਨਹੀਂ ਹੈ। ਕਿਸਾਨਾਂ ਨਾਲ ਗੱਲਬਾਤ ਕਰ ਕੇ ਮਾਮਲਾ ਸੁਲਝਾਇਆ ਜਾਵੇਗਾ। ਇਸ ਦੌਰਾਨ ਸ਼ਾਮ ਤੱਕ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੇ ਵੀ ਮੌਕੇ ’ਤੇ ਪਹੁੰਚਣ ਦਾ ਰੌਲਾ ਪੈਂਦਾ ਰਿਹਾ ਪਰ ਦੇਰ ਸ਼ਾਮ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਟਿਕੈਤ ਪੰਜੋਖਰਾ ਸਾਹਿਬ ਗੁਰਦੁਆਰੇ ਵਿਚ ਮੱਥਾ ਟੇਕਣ ਤੋਂ ਬਾਅਦ ਸਿੱਧਾ ਕੁਰੂਕਸ਼ੇਤਰ ਵੱਲ ਲੰਘ ਗਏ ਜਿੱਥੇ ਕਿ ਉਨ੍ਹਾਂ ਨੂੰ ਕਿਸਾਨ ਮਹਾਪੰਚਾਇਤ ਵਿਚ ਸ਼ਾਮਲ ਹੋਣਾ ਸੀ।