ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 19 ਅਗਸਤ
ਕਿਸਾਨ ਜੱਥੇਬੰਦੀਆਂ ਨਾਲ ਜੁੜੇ ਕਾਰਕੁਨਾਂ ਵੱਲੋਂ ਅੰਨਪੂਰਨਾ ਅਨਾਜ ਉਤਸਵ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਫੋਟੋ ਵਾਲੇ ਝੋਲਿਆਂ ਵਿੱਚ ਵੰਡੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅਨਾਜ ਡਿੱਪੂਆਂ ਤੋਂ ਇਹ ਥੈਲੇ ਚੁੱਕ ਕੇ ਇਨ੍ਹਾਂ ਉਪਰ ਕਾਲਖ ਫੇਰ ਦਿੱਤੀ। ਕਿਸਾਨਾਂ ਦਾ ਕਹਿਣਾ ਹੈ ਕਿ ਬੀਪੀਐੱਲ ਪਰਿਵਾਰਾਂ ਨੂੰ ਵੰਡੇ ਜਾਣ ਵਾਲੇ ਅਨਾਜ ’ਤੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਫੋਟੋ ਨਹੀਂ ਹੋਣੀ ਚਾਹੀਦੀ ਸਗੋਂ ਇਹ ਅਨਾਜ ਬਿਨਾਂ ਫੋਟੋ ਵਾਲੇ ਝੋਲਿਆਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ। ਪਿੰਡ ਰੋੜੀ ਦੇ ਡਿਪੂ ਹੋਲਡਰਾਂ ਤੋਂ ਫੋਟੋਆਂ ਵਾਲੇ ਝੋਲੇ ਲੈ ਕੇ ਕਿਸਾਨਾਂ ਨੇ ਵਿਰੋਧ ਪ੍ਰਗਟ ਕੀਤਾ ਅਤੇ ਇਨ੍ਹਾਂ ਝੋਲਿਆਂ ’ਤੇ ਕਾਲਖ ਫੇਰ ਦਿੱਤੀ। ਕਿਸਾਨਾਂ ਦੀ ਇਸ ਕਾਰਵਾਈ ਦਾ ਪਤਾ ਲੱਗਦੇ ਹੀ ਰੋੜੀ ਪੁਲੀਸ ਮੌਕੇ ਉੱਤੇ ਪੁੱਜੀ ਅਤੇ ਉਨ੍ਹਾਂ ਕਿਸਾਨਾਂ ਤੋਂ ਸਾਰੇ ਝੋਲੇ ਖੋਹ ਕੇ ਆਪਣੇ ਕਬਜ਼ੇ ਵਿੱਚ ਲੈ ਲਏ। ਪੁਲੀਸ ਇਨ੍ਹਾਂ ਝੋਲਿਆਂ ਨੂੰ ਆਪਣੀ ਗੱਡੀ ਵਿੱਚ ਰੱਖ ਕੇ ਥਾਣਾ ਰੋੜੀ ਵਿੱਚ ਲੈ ਗਈ। ਕਿਸਾਨ ਅਰਵਿੰਦਰ ਸਿੰਘ ਭਾਊ ਦਾ ਕਹਿਣਾ ਹੈ ਕਿ ਲਾਕਡਾਊਨ ਦੇ ਸਮੇਂ ਸਰਕਾਰ ਨੂੰ ਗਰੀਬਾਂ ਦੀ ਯਾਦ ਨਹੀਂ ਆਈ।
ਉਸ ਸਮੇਂ ਧਾਰਮਿਕ ਅਤੇ ਸਮਾਜਕ ਜਥੇਬੰਦੀਆਂ ਨੇ ਲੋਕਾਂ ਦੀ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਰਾਸ਼ਨ ਵੰਡਣਾ ਹੈ ਤਾਂ ਉਹ ਆਮ ਗੱਟਿਆਂ ਵਿੱਚ ਪਾ ਕੇ ਰਾਸ਼ਨ ਵੰਡੇ। ਜਿਸ ਦਾ ਕਿਸਾਨ ਵਿਰੋਧ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਫੋਟੋ ਵਾਲੇ ਝੋਲਿਆਂ ਵਿੱਚ ਰਾਸ਼ਨ ਨਹੀਂ ਵੰਡਣ ਦੇਣਗੇ।