ਪ੍ਰਭੂ ਦਿਆਲ
ਸਿਰਸਾ, 16 ਜੂਨ
ਇੱਥੋਂ ਦੇ ਡੱਬਵਾਲੀ ਰੋਡ ’ਤੇ ਗੁਰੂ ਗੋਬਿੰਦ ਸਿੰਘ ਚੌਕ ਨੇੜੇ ਸਥਿਤ ਰਿਲਾਇੰਸ ਦੇ ਸ਼ੋਅ-ਰੂਮ ਬੰਦ ਕਰਵਾਉਣ ਲਈ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਸ਼ੋਅ-ਰੂਮ ਬੰਦ ਨਾ ਹੋਣ ’ਤੇ ਕਿਸਾਨਾਂ ਨੇ ਕੁਝ ਸਮੇਂ ਲਈ ਰੋਡ ਜਾਮ ਕਰ ਦਿੱਤਾ, ਜੋ ਬਾਅਦ ਵਿੱਚ ਸ਼ੋਅ-ਰੂਮ ਬੰਦ ਹੋਣ ’ਤੇ ਖੋਲ੍ਹ ਦਿੱਤਾ ਗਿਆ। ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਸਰਕਾਰ ਦੇ ਨਾਲ ਅੰਬਾਨੀਆਂ ਤੇ ਅਡਾਨੀ ਦੇ ਕਾਰੋਬਾਰਾਂ ਦਾ ਵੀ ਵਿਰੋਧ ਜਾਰੀ ਰਹੇਗਾ।
ਡੱਬਵਾਲੀ ਰੋਡ ’ਤੇ ਸਥਿਤ ਰਿਲਾਇੰਸ ਦੇ ਸ਼ੋਅ-ਰੂਮ ਖੁੱਲ੍ਹਣ ਦੀ ਭਿਣਕ ਲੱਗਣ ’ਤੇ ਅੱਜ ਕਿਸਾਨ ਸ਼ੋਅ-ਰੂਮ ਬੰਦ ਕਰਵਾਉਣ ਲਈ ਪੁੱਜ ਗਏ।
ਕਿਸਾਨਾਂ ਨੇ ਸ਼ੋਅ-ਰੂਮ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਾ ਹੋਣ ’ਤੇ ਉਨ੍ਹਾਂ ਨੇ ਡੱਬਵਾਲੀ ਰੋਡ ’ਤੇ ਜਾਮ ਲਾ ਦਿੱਤਾ। ਇਸ ਬਾਰੇ ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ ਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਸ਼ੋਅ-ਰੂਮ ਬੰਦ ਕਰਵਾਉਣ ਦੀ ਮੰਗ ’ਤੇ ਬਜ਼ਿੱਦ ਰਹੇ।
ਇਸ ਦੌਰਾਨ ਕਿਸਾਨਾਂ ਦੀ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਨਾਲ ਬਹਿਸ ਹੋਈ, ਜਿਸ ਮਗਰੋਂ ਕਿਸਾਨਾਂ ਨੇ ਜਾਮ ਲਾ ਕੇ ਸਰਕਾਰ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲੀਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਸ਼ੋਅ-ਰੂਮ ਬੰਦ ਕੀਤੇ ਜਾਣ ’ਤੇ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ।
ਕਿਸਾਨਾਂ ਨੂੰ ਉਕਸਾਇਆ ਜਾ ਰਿਹੈ: ਆਗੂ
ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਹ ਸ਼ੋਅ-ਰੂਮ ਪਿਛਲੇ ਕਈ ਦਿਨਾਂ ਤੋਂ ਬੰਦ ਕਰਵਾਏ ਹੋਏ ਹਨ ਪਰ ਇਨ੍ਹਾਂ ਨੂੰ ਜਾਣਬੁੱਝ ਕੇ ਖੋਲ੍ਹ ਕੇ ਕਿਸਾਨਾਂ ਨੂੰ ਉਕਸਾਇਆ ਜਾ ਰਿਹਾ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਕਾਰਪੋਰੇਟ ਘਰਾਣਿਆਂ ਦਾ ਵਿਰੋਧ ਜਾਰੀ ਰਹੇਗਾ।