ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 30 ਸਤੰਬਰ
ਕਿਸਾਨਾਂ ਨੇ ਨਰਾਇਣਗੜ੍ਹ ਦੇ ਸ਼ਹਿਜਾਦਪੁਰ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਅੱਜ ਇੱਥੇ ਮੰਡੀਆਂ ਦੇ ਸਾਹਮਣੇ ਸੜਕਾਂ ’ਤੇ ਜ਼ਾਮ ਲਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਜੀਵ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ 26 ਸਤੰਬਰ ਨੂੰ ਝੋਨੇ ਦੀ ਖ਼ਰੀਦ ਕਰਨ ਦੀ ਗੱਲ ਆਖੀ ਸੀ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਖ਼ਰੀਦ ਸ਼ੁਰੂ ਨਹੀਂ ਹੋਇਆ। ਕਿਸਾਨ ਇੱਕ ਹਫ਼ਤੇ ਤੋਂ ਮੰਡੀਆਂ ਵਿੱਚ ਫ਼ਸਲ ਲੈ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਖੇਤਾਂ ਵਿੱਚ ਆਪਣੀ ਫ਼ਸਲ ਦੀ ਵਾਢੀ ਕਰੇ ਜਾਂ ਮੰਡੀਆਂ ਵਿੱਚ ਬੈਠ ਕੇ ਰਖਵਾਲੀ ਕਰੇ। ਮੰਡੀਆਂ ਵਿੱਚ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਸੂਚਨਾ ਮਿਲਦੇ ਹੀ ਨਰਾਇਣਗੜ੍ਹ ਦੇ ਐੱਸਡੀਐੱਮ ਵੈਸ਼ਾਲੀ ਸ਼ਰਮਾ ਤੇ ਡੀਐੱਸਪੀ ਅਨਿਲ ਕੁਮਾਰ ਭਾਰੀ ਪੁਲੀਸ ਬਲ ਸਣੇ ਮੌਕੇ ’ਤੇ ਪਹੁੰਚੇ ਅਤੇ ਕਿਸਾਨਾਂ, ਆੜ੍ਹਤੀਆਂ ਨਾਲ ਗੱਲਬਾਤ ਕੀਤੀ ਪਰ ਸਮੱਸਿਆ ਦਾ ਹੱਲ ਨਹੀਂ ਨਿਕਲਿਆ। ਖ਼ਬਰ ਲਿਖੇ ਜਾਣ ਤੱਕ ਨਰਾਇਣਗੜ੍ਹ ਤੇ ਸ਼ਹਿਜਾਦਪੁਰ ਵਿੱਚ ਜਾਮ ਦੀ ਸਥਿਤੀ ਬਰਕਰਾਰ ਸੀ।