ਪੱਤਰ ਪ੍ਰੇਰਕ
ਫਰੀਦਾਬਾਦ, 5 ਅਕਤੂਬਰ
ਨਗਰ ਨਿਗਮ ਫ਼ਰੀਦਾਬਾਦ ਦੇ ਕਮਿਸ਼ਨਰ ਯਸ਼ਪਾਲ ਯਾਦਵ ਨੇ ਕਿਹਾ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਇਹ ਤੈਅ ਕਰੇਗਾ ਕਿ ਹੁਣ ਤੱਕ ਸੇਵਾਮੁਕਤ ਹੋਏ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਹਰ ਹਾਲਤ ਵਿਚ ਅਕਤੂਬਰ ਦੇ ਅੰਤ ਤੱਕ ਉਨ੍ਹਾਂ ਦੇ ਸੇਵਾਮੁਕਤੀ ਲਾਭਾਂ ਦਾ ਭੁਗਤਾਨ ਕੀਤਾ ਜਾਵੇ। ਨਗਰ ਨਿਗਮ, ਐਂਪਲਾਈਜ਼ ਫੈੱਡਰੇਸ਼ਨ, ਫ਼ਰੀਦਾਬਾਦ ਨਾਲ 5 ਅਕਤੂਬਰ ਨੂੰ ਸਵੇਰੇ ਨਿਗਮ ਹੈਡਕੁਆਰਟਰ ਵਿਚ ਹੋਈ ਮੀਟਿੰਗ ਦੌਰਾਨ ਨਿਗਮ ਕਮਿਸ਼ਨਰ ਨੇ ਇਹ ਭਰੋਸਾ ਫੈੱਡਰੇਸ਼ਨ ਦੇ ਅਧਿਕਾਰੀਆਂ ਨੂੰ ਦਿੱਤਾ।
ਇਸ ਦੌਰਾਨ ਮੀਟਿੰਗ ਵਿੱਚ ਨਗਰ ਨਿਗਮ ਦੀ ਤਰਫੋਂ ਨਿਗਮ ਕਮਿਸ਼ਨਰ ਯਸ਼ਪਾਲ ਯਾਦਵ ਅਤੇ ਪ੍ਰਧਾਨ ਰਮੇਸ਼ ਜਗਲਾਨ, ਸੀਨੀਅਰ ਉਪ ਪ੍ਰਧਾਨ ਸ਼ਾਹਬੀਰ ਖਾਨ, ਨਗਰ ਨਿਗਮ ਦਫਤਰ ਯੂਨੀਅਨ ਦੇ ਪ੍ਰਧਾਨ ਨਰੇਸ਼ ਬੈਂਸਲਾ, ਸਕੱਤਰ ਰਾਜਿੰਦਰ ਸਿੰਘ ਬੈਂਸਲਾ, ਸੁਰਜੀਤ ਨਗਰ ਆਦਿ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰਧਾਨ ਰਮੇਸ਼ ਜਗਲਾਨ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਦੇ ਸੱਦੇ ’ਤੇ ਹੋਈ ਇਸ ਮੀਟਿੰਗ ਵਿੱਚ ਨਿਗਮ ਨੇ ਫੈੱਡਰੇਸ਼ਨ ਦੇ ਆਗੂਆਂ ਨੂੰ ਵੀ ਭਰੋਸਾ ਦਿਵਾਇਆ ਕਿ ਕਰਮਚਾਰੀਆਂ ਦੀ ਤਨਖ਼ਾਹ ਤੇ ਸੇਵਾਮੁਕਤ ਕਰਮਚਾਰੀਆਂ ਨੂੰ ਉਨ੍ਹਾਂ ਦੀ ਪੈਨਸ਼ਨ ਮਹੀਨੇ ਦੇ ਕਿਸੇ ਇੱਕ ਦਿਨ ’ਤੇ ਪੱਕੀ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਨਿਗਮ ਦੀ ਵਿਗੜਦੀ ਵਿੱਤੀ ਸਥਿਤੀ ਨੂੰ ਠੀਕ ਕਰਨ ਲਈ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਨਿਗਮ ਦੇ ਕਰਮਚਾਰੀਆਂ ਨੂੰ ਨਾ ਸਿਰਫ਼ ਉਨ੍ਹਾਂ ਦੇ ਸਾਰੇ ਲਾਭ ਸਹੀ ਸਮੇਂ ’ਤੇ ਮਿਲਣ ਬਲਕਿ ਸ਼ਹਿਰ ਵਾਸੀਆਂ ਨੂੰ ਵੀ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।