ਕੁਲਵਿੰਦਰ ਕੌਰ ਦਿਓਲ
ਫ਼ਰੀਦਾਬਾਦ, 9 ਜੂਨ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਸ ਸਨਅਤੀ ਜ਼ਿਲ੍ਹੇ ਨਾਲ ਸਬੰਧਿਤ ਐਲਾਨੀਆਂ ਯੋਜਨਾਵਾਂ ਸਿਰਫ਼ ਐਲਾਨਾਂ ਤੱਕ ਸੀਮਿਤ ਰਹੀਆਂ ਹਨ ਜੋ ਸਿਰੇ ਨਹੀਂ ਚੜ੍ਹੀਆਂ। ਮੁੱਖ ਮੰਤਰੀ ਵੱਲੋਂ ਹੁਣ ਤੱਕ 130 ਤੋਂ ਵੱਧ ਵੱਖ-ਵੱਖ ਯੋਜਨਾਵਾਂ ਇਸ ਜ਼ਿਲ੍ਹੇ ਲਈ ਐਲਾਨੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਸਿਰਫ਼ 60 ਫ਼ੀਸਦੀ ਹੀ ਪੂਰੀਆਂ ਹੋਈਆਂ ਹਨ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਨਾਹਰ ਸਿੰਘ ਸਟੇਡੀਅਮ ਦੀ ਉਸਾਰੀ 2022 ਵਿੱਚ ਪੂਰੀ ਹੋਣੀ ਸੀ ਅਤੇ 115.29 ਕਰੋੜ ਦੀ ਲਾਗਤ ਆਂਕੀ ਗਈ ਸੀ। ਅਜੇ ਤੱਕ ਇਸ ਸਟੇਡੀਅਮ ਦਾ ਕਰੀਬ 65 ਫ਼ੀਸਦੀ ਕੰਮ ਹੀ ਪੂਰਾ ਹੋਇਆ ਹੈ। ਨਗਰ ਨਿਗਮ ਦਾ ਦਫ਼ਤਰ 46 ਕਰੋੜ ਦੀ ਲਾਗਤ ਨਾਲ ਸੈਕਟਰ-12 ਵਿੱਚ ਸਾਲ 2018 ਦੌਰਾਨ ਬਣਨਾ ਸ਼ੁਰੂ ਹੋਇਆ ਸੀ ਪਰ 20 ਫ਼ੀਸਦੀ ਕੰਮ ਹੀ ਮੁਕੰਮਲ ਹੋ ਸਕਿਆ ਹੈ। ਇਸ ਦੇ ਉਸਾਰੀ ਕਾਰਜ ਅੱਧਵਾਟੇ ਹੀ ਰੁਕੇ ਹੋਏ ਹਨ। ਪੁਰਾਣੇ ਫ਼ਰੀਦਾਬਾਦ ਵਿੱਚ ਕਰੀਬ 30 ਕਰੋੜ ਦੀ ਲਾਗਤ ਨਾਲ 30 ਬਿਸਤਰਿਆਂ ਦਾ ਹਸਪਤਾਲ ਵੀ ਸਾਲ 2020 ਵਿੱਚ ਬਣਾਉਣਾ ਸੀ ਪਰ ਇਸ ਦਾ ਕੰਮ ਵੀ 20 ਫ਼ੀਸਦੀ ਹੀ ਹੋਇਆ ਹੈ। ਬੱਸ ਅੱਡੇ ਦਾ ਕੰਮ ਵੀ ਆਪਣੀ ਸਮਾਂ ਸੀਮਾ ਤੋਂ ਕਾਫ਼ੀ ਪਛੜ ਕੇ ਚੱਲ ਰਿਹਾ ਹੈ। ਤਿਗਾਂਵ ਵਿੱਚ ਹਸਪਤਾਲ ਬਣਾਉਣ ਦਾ ਐਲਾਨ ਵੀ ਪੂਰਾ ਨਹੀਂ ਕੀਤਾ ਗਿਆ ਕਿਉਂਕਿ ਅਜੇ ਤੱਕ ਜ਼ਮੀਨ ਬਾਰੇ ਫ਼ੈਸਲਾ ਨਹੀਂ ਹੋ ਸਕਿਆ ਹੈ।
ਇਨ੍ਹਾਂ ਉਸਾਰੀ ਕਾਰਜਾਂ ਸਬੰਧੀ ਅਧਿਕਾਰੀ ਫੰਡਾਂ ਦਾ ਰੋਣਾ ਰੋਅ ਰਹੇ ਹਨ ਅਤੇ ਕੈਬਨਿਟ ਮੰਤਰੀ ਮੂਲਚੰਦ ਸ਼ਰਮਾ ਵੱਲੋਂ ਕਰੋਨਾ ਕਾਲ ਨੂੰ ਕਾਰਜਾਂ ਵਿੱਚ ਦੇਰੀ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।