ਪੱਤਰ ਪ੍ਰੇਰਕ
ਪੰਚਕੂਲਾ, 19 ਜਨਵਰੀ
ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਨਾਲ ਸਬੰਧਤ ਸਕੂਲਾਂ ਦੀ ਵਿਦਿਅਕ ਸੈਸ਼ਨ 2021-22 ਲਈ ਜਮਾਤ 9ਵੀਂ ਤੇ 11ਵੀਂ ਦੇ ਵਿਦਿਆਰਥੀਆਂ ਦੀ ਐਨਰੋਲਮੈਂਟ ਰਿਟਰਨ ਦੀ ਚੈੱਕਲਿਸਟ ਸਹੀ ਕਰਨ ਦਾ ਸਮਾਂ ਵਧਾ ਕੇ ਹੁਣ 25 ਜਨਵਰੀ ਤੱਕ ਕੀਤਾ ਗਿਆ ਹੈ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਵੱਧ ਰਹੇ ਕਰੋਨਾ ਦੇ ਕੇਸਾਂ ਕਾਰਨ ਸਕੂਲ ਬੰਦ ਹਨ, ਜਿਸ ਮਗਰੋਂ ਸੂਬੇ ਦੇ ਕੁਝ ਸਕੂਲਾਂ ਵੱਲੋਂ ਕੀਤੀ ਗਈ ਅਪੀਲ ਨੂੰ ਧਿਆਨ ਵਿੱਚ ਰੱਖ ਕੇ ਉਕਤ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸਬੰਧਤ ਸਕੂਲ ਬਿਨਾਂ ਕਿਸੇ ਫੀਸ ਦੇ ਜਮਾਤ 9ਵੀਂ ਤੇ 11ਵੀਂ ਤੱਕ ਦੇ ਵਿਦਿਆਰਥੀਆਂ ਦੇ ਐਨਰੋਲਮੈਂਟ ਰਿਟਰਨਾਂ ਦੀ ਜਾਣਕਾਰੀ ਬੋਰਡ ਦੀ ਵੈੱਬਸਾਈਟ ’ਤੇ ਦਿੱਤੇ ਗਏ ਲਿੰਕ ’ਤੇ ਆਨਲਾਈਨ ਭਰਨਾ ਯਕੀਨੀ ਬਣਾਉਣ। ਇਸ ਤੋਂ ਬਾਅਦ ਸਬੰਧਤ ਸਕੂਲ ਵੱਲੋਂ ਅਸਲ ਰਿਕਾਰਡ ਦਿਖਾਉਣ ’ਤੇ ਵੀ ਫੀਸ ਨਾਲ ਸੋਧ ਕਰਵਾਈ ਜਾ ਸਕਦੀ ਹੈ।