ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 14 ਜਨਵਰੀ
ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਹਾਈਵੇ (ਭਾਰਤਾਮਾਲਾ ਐੱਨ.ਐੱਚ-754) ਦਾ ਬਕਾਇਆ ਐਵਾਰਡ ਨਾ ਮਿਲਣ ਅਤੇ ਜਾਇਜ਼ ਮੰਗਾਂ ਲਾਗੂ ਨਾ ਹੋਣ ਕਾਰਨ 25 ਜਨਵਰੀ ਤੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। 9 ਪਿੰਡਾਂ ਦੇ ਨੈਸ਼ਨਲ ਹਾਈਵੇ ਨਾਲ ਹੱਕੀ ਮੰਗਾਂ ਅਤੇ ਨਸ਼ਿਆਂ ਖਿਲਾਫ਼ ਆਰ-ਪਾਰ ਦੀ ਲੜਾਈ ਖਾਤਰ ਭਾਰਤਮਾਲਾ ਸੰਯੁਕਤ ਸੰਘਰਸ਼ ਮੋਰਚਾ ਦਾ ਗਠਨ ਕੀਤਾ ਗਿਆ ਹੈ। ਕਿਸਾਨਾਂ ਨੇ ਮੰਗਾਂ ਨਾ ਮੰਨੇ ਜਾਣ ਤੱਕ ਕਿਸੇ ਵੀ ਸੂਰਤ ’ਚ ਹਾਈਵੇ ਉਸਾਰੀ ਕਾਰਜ ਨਾ ਹੋਣ ਦੇਣ ਅਤੇ ਜ਼ਮੀਨਾਂ ਦਾ ਕਬਜ਼ਾ ਵਾਪਸ ਲੈਣ ਦਾ ਦਾਅਵਾ ਕੀਤਾ ਹੈ।
ਅੱਜ 6 ਸੰਗਠਨਾਂ ਦੇ ਆਗੂਆਂ ਨੇ ਇੱਥੇ ਬਿਸ਼ਨੋਈ ਧਰਮਸ਼ਾਲਾ ਵਿੱਚ ਮੀਟਿੰਗ ਕੀਤੀ ਜਿਸ ਵਿੱਚ ਅਖਿਲ ਭਾਰਤੀ ਕਿਸਾਨ ਸਭਾ, ਹਰਿਆਣਾ ਕਿਸਾਨ ਏਕਤਾ ਡੱਬਵਾਲੀ, ਭਾਰਤੀ ਕਿਸਾਨ ਯੂਨੀਅਨ ਚਡੂਨੀ, ਭਾਰਤ ਭੂਮੀ ਬਚਾਓ ਸੰਘਰਸ਼ ਕਮੇਟੀ, ਸੀ.ਆਈ.ਟੀ.ਊ, ਰਾਸ਼ਟਰੀ ਕਿਸਾਨ ਸੰਗਠਨ ਹਰਿਆਣਾ ਦੇ ਆਗੂ ਸ਼ਾਮਲ ਹੋਏ। ਕਰੀਬ ਚਾਰ ਘੰਟੇ ਲੰਮੇ ਵਿਚਾਰ ਵਟਾਂਦਰੇ ਉਪਰੰਤ ਮੋਰਚੇ ਦਾ ਗਠਨ ਦਾ ਐਲਾਨ ਕੀਤਾ ਗਿਆ।
ਸੰਘਰਸ਼ ਦੀ ਰੂਪਰੇਖਾ ਤਹਿਤ ਭਾਰਤਮਾਲਾ ਪ੍ਰਾਜੈਕਟ ਤਹਿਤ ਅਲਖ਼ ਜਗਾਉਣ ਲਈ ਖੇਤਰ ਦੇ ਸਾਰੇ ਪਿੰਡਾਂ ’ਚ 24 ਜਨਵਰੀ ਤੱਕ ਰਾਬਤਾ ਮੁਹਿੰਮ ਵਿੱਢਣ ਦਾ ਫੈਸਲਾ ਹੋਇਆ ਜਿਸ ਤੋਂ ਬਾਅਦ 25 ਜਨਵਰੀ ਨੂੰ ਸਿਰਸਾ ਰੋਡ ’ਤੇ ਕਿਸਾਨ ਮਜ਼ਦੂਰ ਮਹਾਪੜਾਅ ਲਾਉਣਗੇ।