ਜਗਤਾਰ ਸਿੰਘ ਸਮਾਲਸਰ
ਏਲਨਾਬਾਦ, 8 ਮਈ
ਕਰੋਨਾ ਕਾਰਨ ਤਿੰਨ ਸਾਲ ਤੋਂ ਥਲ ਸੈਨਾ ਦੀ ਭਰਤੀ ਨਾ ਹੋਣ ਖ਼ਿਲਾਫ਼ ਅੱਜ ਖੇਤਰ ਦੇ ਨੌਜਵਾਨਾਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ। ਨੌਜਵਾਨਾਂ ਨੇ ਆਖਿਆ ਕਿ ਜੋ ਨੌਜਵਾਨ ਭਰਤੀ ਹੋਣਾ ਚਾਹੁੰਦੇ ਹਨ ਉਹ ਗਰਾਂਊਡ ਵਿੱਚ ਜਾ ਕੇ ਤਿੰਨ ਸਾਲ ਤੋਂ ਸਖ਼ਤ ਮਿਹਨਤ ਕਰ ਰਹੇ ਹਨ ਪਰ ਸਰਕਾਰ ਵਲੋਂ ਕਰੋਨਾ ਕਾਰਨ ਭਰਤੀ ਨਹੀ ਕੀਤੀ ਗਈ, ਜਿਸ ਨਾਲ ਬਹੁਤੇ ਨੌਜਵਾਨ ਤਾਂ ਓਵਰਏਜ਼ ਹੋ ਚੁੱਕੇ ਹਨ। ਨੌਜਵਾਨਾਂ ਨੇ ਆਖਿਆ ਕਿ ਜਿਹੜੇ ਲੜਕਿਆ ਦਾ ਤਿੰਨ ਸਾਲ ਪਹਿਲਾਂ ਪੇਪਰ ਹੋ ਚੁੱਕਾ ਹੈ ਉਨ੍ਹਾਂ ਦਾ ਜਲਦੀ ਤੋਂ ਜਲਦੀ ਫਿਜ਼ੀਕਲ ਟੈਸਟ ਕਰਵਾਇਆ ਜਾਵੇ ਅਤੇ ਭਰਤੀ ਦੀ ਉਡੀਕ ਕਰਦੇ-ਕਰਦੇ ਓਵਰਏਜ਼ ਹੋ ਚੁੱਕੇ ਨੌਜਵਾਨਾਂ ਨੂੰ 2 ਸਾਲ ਦੀ ਮੋਹਲਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਰਤੀ ਦੀ ਤਿਆਰੀ ਕਰ ਰਹੇ ਜ਼ਿਆਦਾ ਬੱਚੇ ਮਾਨਸਿਕ ਤੌਰ
’ਤੇ ਪ੍ਰੇਸ਼ਾਨ ਹੋ ਚੁੱਕੇ ਹਨ। ਇਸ ਲਈ ਸਰਕਾਰ ਜਲਦੀ ਤੋਂ ਜਲਦੀ ਭਰਤੀ ਸ਼ੁਰੂ ਕਰੇ।