ਜਗਤਾਰ ਸਮਾਲਸਰ
ਏਲਨਾਬਾਦ, 9 ਫਰਵਰੀ
ਸ਼ਹਿਰ ਦੇ ਵਾਰਡ ਨੰਬਰ 10 ਵਿੱਚ ਅੱਜ ਦਿਨ-ਦਿਹਾੜੇ ਤਿੰਨ ਲੁਟੇਰੇ ਘਰ ਵਿੱਚ ਲੁੱਟ ਕਰਕੇ ਫ਼ਰਾਰ ਹੋ ਗਏ। ਵਾਰਡ ਨੰਬਰ 10 ਵਾਸੀ ਵਿਨੋਦ ਕੁਮਾਰ ਦੁਕਾਨ ’ਤੇ ਗਿਆ ਹੋਇਆ ਸੀ ਤਾਂ ਘਰ ਵਿੱਚ ਕੇਵਲ ਤਿੰਨ ਔਰਤਾਂ ਸਨ। ਉਸ ਸਮੇਂ ਤਿੰਨ ਲੁਟੇਰੇ ਬਿਨਾ ਨੰਬਰ ਦੇ ਮੋਟਰਸਾਈਕਲ ’ਤੇ ਆਏ, ਜਿਨ੍ਹਾਂ ਵਿੱਚੋਂ ਦੋ ਘਰ ਅੰਦਰ ਚਲੇ ਗਏ ਅਤੇ ਇੱਕ ਗਲੀ ਵਿੱਚ ਖੜਾ ਰਿਹਾ। ਘਰ ਅੰਦਰ ਗਏ ਦੋ ਲੁਟੇਰਿਆਂ ਨੇ ਔਰਤਾਂ ਕੋਲੋਂ ਪਿਸਤੌਲ ਦਿਖਾਕੇ ਕਰੀਬ 50 ਹਜ਼ਾਰ ਰੁਪਏ ਅਤੇ ਮੋਬਾਈਲ ਲੁੱਟ ਲਏ। ਮੋਬਾਈਲ ਫੋਨ ਬਾਅਦ ਵਿੱਚ ਮਿਲ ਗਿਆ। ਡੀਐੱਸਪੀ ਜਗਤ ਸਿੰਘ ਅਤੇ ਥਾਣਾ ਇੰਚਾਰਜ ਜਤਿੰਦਰ ਕੁਮਾਰ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ।