ਜਗਤਾਰ ਸਮਾਲਸਰ
ਏਲਨਾਬਾਦ, 18 ਮਈ
ਖੇਤਰ ਦੇ ਕਿਸਾਨਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ਵਿੱਚ ਧਰਨਾ ਲਾਇਆ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨ ਨੇਤਾਵਾਂ ਸੁਰਿੰਦਰ ਸਿੰਘ ਸਿੱਧੂ ਅਤੇ ਪ੍ਰਕਾਸ਼ ਮੁਮੇਰਾ ਨੇ ਆਖਿਆ ਕਿ ਸਾਲ 2020 ਦੌਰਾਨ ਖਰਾਬ ਹੋਈਆ ਫ਼ਸਲਾਂ ਦੀ ਸਰਕਾਰ ਵਲੋਂ ਵਿਸ਼ੇਸ਼ ਗਿਰਦਾਵਰੀ ਕਰਵਾ ਲਈ ਗਈ ਹੈ ਅਤੇ ਉਸ ਦੀ ਰਿਪੋਰਟ ਵੀ ਆ ਚੁੱਕੀ ਹੈ ਪਰ ਮੁਆਵਜ਼ਾ ਰਾਸ਼ੀ ਅਜੇ ਤੱਕ ਜਾਰੀ ਨਹੀ ਕੀਤੀ ਗਈ। ਸਾਲ 2021 ਦੀ ਮੁਆਵਜ਼ਾ ਰਾਸ਼ੀ
ਵੀ ਬਾਕੀ ਹੈ। ਕਿਸਾਨਾਂ ਨੇ ਆਖਿਆ ਕਿ ਬਿਜਲੀ ਮੰਤਰੀ ਵਲੋਂ ਕਿਸਾਨਾਂ ਨੂੰ 5 ਘੰਟੇ ਬਿਜਲੀ ਦਿੱਤੇ ਜਾਣ ਦੇ ਫੁਰਮਾਨ ਜਾਰੀ ਕੀਤੇ ਗਏ ਹਨ ਜੋ ਬਹੁਤ ਹੀ ਘੱਟ ਹੈ। ਟਿਊਬਵੈੱਲਾਂ ਲਈ ਬਿਜਲੀ ਸਪਲਾਈ ਘੱਟੋ-ਘੱਟ 8 ਘੰਟੇ ਲਗਾਤਾਰ ਦਿੱਤੀ ਜਾਵੇ ਅਤੇ ਨਹਿਰਾਂ ਵਿੱਚ ਪਾਣੀ ਢੁਕਵੀਂ ਮਾਤਰਾ ਵਿੱਚ ਛੱਡਿਆ ਜਾਵੇ। ਪੀਣ ਵਾਲੇ ਪਾਣੀ ਦੀ ਸਪਲਾਈ ਪਿੰਡਾਂ ਵਿੱਚ ਯਕੀਨੀ ਬਣਾਈ ਜਾਵੇ। ਕਿਸਾਨਾਂ ਨੇ ਆਖਿਆ ਕਿ ਜੇ ਸਰਕਾਰ ਵਲੋਂ 28 ਮਈ ਤੱਕ ਮੰਗਾਂ ਨਹੀ ਮੰਨੀਆਂ ਜਾਂਦੀਆਂ ਤਾਂ ਅਗਾਮੀ 29 ਮਈ ਨੂੰ ਔਢਾਂ (ਸਿਰਸਾ) ਵਿਖੇ ਹੋਣ ਵਾਲੀ ਮੁੱਖ ਮੰਤਰੀ ਦੀ ਰੈਲੀ ਦੌਰਾਨ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਵਲੋਂ ਮੰਗ ਪੱਤਰ ਨਾਇਬ ਤਹਿਸੀਲਦਾਰ ਰਾਹੀ ਐੱਸਡੀਐੱਮ ਨੂੰ ਭੇਜਿਆ ਗਿਆ। ਇਸ ਮੌਕੇ ਮਹਾਂਵੀਰ ਗੋਦਾਰਾ, ਦੇਵੀ ਲਾਲ, ਸਾਹਿਬ ਰਾਮ, ਧਰਮਵੀਰ, ਅਮਰਜੀਤ ਸਿੰਘ, ਬਲਰਾਮ ਸਿੰਘ ਸਣੇ ਕਈ ਕਿਸਾਨ ਮੌਜੂਦ ਸਨ।