ਜਗਤਾਰ ਸਮਾਲਸਰ
ਏਲਨਾਬਾਦ, 26 ਜੂਨ
ਏਲਨਾਬਾਦ ਦੇ ਪਿੰਡ ਅੰਮ੍ਰਿਤਸਰ ਖੁਰਦ ਵਿਚਲੇ ਗੁਰਦੁਆਰਾ ਸੱਚਖੰਡ ਸਾਹਿਬ ਦੇ ਪ੍ਰਬੰਧ ਬਾਰੇ ਸਿੱਖਾਂ ਅਤੇ ਨਾਮਧਾਰੀ ਸੰਪਰਦਾਇ ਵਿਚਕਾਰ ਪੈਦਾ ਹੋਏ ਵਿਵਾਦ ਨੂੰ ਹੱਲ ਕਰਨ ਲਈ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਨਾਮਧਾਰੀ ਸੰਪਰਦਾਇ ਦੇ ਮੁਖੀ ਸਤਿਗੁਰੂ ਉਦੈ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੰਤ ਦਾਦੂਵਾਲ ਨੇ ਆਖਿਆ ਕਿ ਪਿੰਡ ਅੰਮ੍ਰਿਤਸਰ ਖੁਰਦ (ਏਲਨਾਬਾਦ) ਵਿਖੇ ਗੁਰਦੁਆਰਾ ਸੱਚਖੰਡ ਬਣਿਆ ਹੋਇਆ ਹੈ, ਜਿਥੇ ਨਾਮਧਾਰੀ ਸੰਪਰਦਾਇ ਦੇ ਲੋਕ ਗੁਰਦੁਆਰਾ ਸਾਹਿਬ ਵਿੱਚ ਆਪਣੀ ਮਰਿਯਾਦਾ ਅਨੁਸਾਰ ਕੰਮ ਕਰ ਰਹੇ ਹਨ, ਜਦੋਕਿ ਸਿੱਖ ਇਥੇ ਗੁਰੂ ਗ੍ਰੰਥ ਸਾਹਿਬ ਦੀ ਰਹਿਤ ਮਰਿਯਾਦਾ ਲਾਗੂ ਕਰਨੀ ਚਾਹੁੰਦੇ ਹਨ। ਇਸ ਕਾਰਨਾਂ ਦੋਨਾਂ ਧਿਰਾਂ ਵਿਚਕਾਰ ਲੰਬੇ ਸਮੇ ਤੋਂ ਵਿਵਾਦ ਛਿੜਿਆ ਹੋਇਆ ਹੈ। ਮੁਲਾਕਾਤ ਤੋਂ ਬਾਅਦ ਸੰਤ ਦਾਦੂਵਾਲ ਨੇ ਦੱਸਿਆ ਕਿ ਮਸਲੇ ’ਤੇ ਉਨ੍ਹਾਂ ਦੀ ਨਾਮਧਾਰੀ ਸੰਪਰਦਾਇ ਦੇ ਮੁਖੀ ਸਤਿਗੁਰੂ ਉਦੈ ਸਿੰਘ ਨਾਲ ਬਹੁਤ ਵਧੀਆ ਮਾਹੌਲ ਵਿੱਚ ਗੱਲਬਾਤ ਹੋਈ ਹੈ ਅਤੇ ਇਸ ਮਸਲੇ ਦਾ ਜਲਦੀ ਹੀ ਸ਼ਾਤੀ ਨਾਲ ਹੱਲ ਕੱਢਿਆ ਜਾਵੇਗਾ। ਇਸ ਦੌਰਾਨ ਨਾਮਧਾਰੀ ਪੰਥ ਦੇ ਮੁਖੀ ਸਤਿਗੁਰੂ ਉਦੈ ਸਿੰਘ ਵਲੋਂ ਸੰਤ ਦਾਦੂਵਾਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਜਗਮੀਤ ਸਿੰਘ ਬਰਾੜ, ਗੁਰਭੇਜ ਸਿੰਘ ਗੁਰਾਇਆ, ਸੂਬਾ ਬਲਵਿੰਦਰ ਸਿੰਘ ਤੇ ਐਡਵੋਕੇਟ ਗੁਰਮੀਤ ਸਿੰਘ ਮੌਜੂਦ ਸਨ।