ਪੱਤਰ ਪ੍ਰੇਰਕ
ਏਲਨਾਬਾਦ/ਸਿਰਸਾ, 1 ਨਵੰਬਰ
ਏਲਨਾਬਾਦ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਦੋ ਨਵੰਬਰ ਨੂੰ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਡਾ. ਅੰਬੇਡਕਰ ਲਾਅ ਭਵਨ ਵਿੱਚ ਹੋਵੇਗੀ। ਵੋਟਾਂ ਦੀ ਗਿਣਤੀ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਏਲਨਾਬਾਦ ਜ਼ਿਮਨੀ ਚੋਣ ਲਈ 81.42 ਫੀਸਦ ਵੋਟਾਂ ਪਈਆਂ ਸਨ। ਈਵੀਐੱਮਜ਼ ਨੂੰ ਸੀਡੀਐੱਲਯੂ ’ਚ ਤਿੰਨ ਪਰਤੀ ਸੁਰੱਖਿਆ ਘੇਰੇ ’ਚ ਰੱਖਿਆ ਹੋਇਆ ਹੈ। ਇਸ ਚੋਣ ’ਚ ਕੁਲ 19 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਮੁੱਖ ਮੁਕਾਬਲਾ ਇਨੈਲੋ, ਭਾਜਪਾ-ਜਜਪਾ ਤੇ ਕਾਂਗਰਸ ਦੇ ਉਮੀਦਵਾਰਾਂ ਵਿਚਾਲੇ ਹੈ। ਏਲਨਾਬਾਦ ਦੀ ਜ਼ਿਮਨੀ ਚੋਣ ਇਨੈਲੋ ਦੇ ਇਕੋ ਇਕ ਵਿਧਾਇਕ ਅਭੈ ਸਿੰਘ ਚੌਟਾਲਾ ਵੱਲੋਂ ਖੇਤੀ ਕਾਨੂੰਨ ਰੱਦ ਨਾ ਹੋਣ ਦੇ ਰੋਸ ਵਜੋਂ ਵਿਧਾਇਕੀ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਹੋਈ ਹੈ।
ਇਨੈਲੋ ਨੇ ਜਿੱਥੇ ਮੁੜ ਅਭੈ ਸਿੰਘ ਚੌਟਾਲਾ ਨੂੰ ਆਪਣਾ ਉਮੀਦਵਾਰ ਬਣਾਇਆ, ਉਥੇ ਹੀ ਭਾਜਪਾ-ਜਜਪਾ ਨੇ ਹਰਿਆਣਾ ਲੋਕਹਿਤ ਪਾਰਟੀ ਦੇ ਮੀਤ ਪ੍ਰਧਾਨ ਗੋਬਿੰਦ ਕਾਂਡਾ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਉਸ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸੇ ਤਰ੍ਹਾਂ ਕਾਂਗਰਸ ਨੇ ਭਾਜਪਾ ਦੀ ਟਿਕਟ ’ਤੇ ਦੋ ਵਾਰ ਚੋਣ ਲੜ ਚੁੱਕੇ ਪਵਨ ਬੈਨੀਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈ਼ਸਲਾ ਚੋਣ ਨਿਤੀਜਿਆਂ ਮਗਰੋਂ ਲੋਕਾਂ ਦਾ ਸਾਹਮਣੇ ਆਵੇਗਾ।