ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 6 ਅਪਰੈਲ
ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਅੱਜ ਤੋਂ 8 ਅਪਰੈਲ ਤੱਕ ਚੱਲਣ ਵਾਲੀ 8ਵੀਂ ਸਰਬ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਕਾਨਫ਼ਰੰਸ ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਪਟਿਆਲਾ ਅਤੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਸ਼ੁਰੂ ਹੋ ਗਈ ਹੈ। ਇਹ ਕਾਨਫ਼ਰੰਸ ਗੁਰੂ ਤੇਗ ਬਹਾਦਰ ਦੇ 400ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਜਿਸ ਦਾ ਥੀਮ ‘21ਵੀਂ ਸਦੀ ਵਿੱਚ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਵਿੱਚ ਆ ਰਹੇ ਪਰਿਵਰਤਨ’ ਰੱਖਿਆ ਗਿਆ ਹੈ।
ਇਸ ਕਾਨਫ਼ਰੰਸ ਵਿਚ ਮੁੱਖ ਮਹਿਮਾਨ ਵਜੋਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਨੇ ਸ਼ਿਰਕਤ ਕੀਤੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪ੍ਰੋ. ਮੁਹੰਮਦ ਜਹਾਂਗੀਰ ਵਾਰਸੀ ਨੇ ਵਿਸ਼ੇਸ਼ ਭਾਸ਼ਨ ਦਿੱਤਾ। ਇਸ ਕਾਨਫਰੰਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਚਿੰਤਕ ਡਾ. ਮਨਮੋਹਨ ਸਿੰਘ, ਪ੍ਰਸਿੱਧ ਪੰਜਾਬੀ ਕਵੀ ਪਦਮਸ਼੍ਰੀ ਸੁਰਜੀਤ ਪਾਤਰ ਨੇ ਸ਼ਿਰਕਤ ਕੀਤੀ। ਇਸ ਮੌਕੇ ਮੰਚ ਸੰਚਾਲਨ ਡਾ. ਪਰਮਜੀਤ ਕੌਰ ਸਿੱਧੂ ਨੇ ਕੀਤਾ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਉਲੀਕਣ ਵਿਚ ਸਹਿਯੋਗ ਦੀ ਆਸ ਜਤਾਈ।
ਡਾ. ਭੁਪਿੰਦਰ ਸਿੰਘ ਖਹਿਰਾ ਨੇ ਨੌਜਵਾਨ ਪੀੜੀ ਨੂੰ ਭਾਸ਼ਾ ਬਾਰੇ ਜਾਣਕਾਰੀ ਹੋਣ ਉੱਤੇ ਚਾਨਣਾ ਪਾਇਆ। ਪ੍ਰੋ. ਮੁਹੰਮਦ ਜਹਾਂਗੀਰ ਵਾਰਸੀ ਨੇ ਮਾਤ-ਭਾਸ਼ਾ ਦੇ ਮਹੱਤਵ ਨੂੰ ਦਸਦਿਆਂ ਕਿਹਾ ਕਿ ਲਿੰਗੁਇਸਟਿਕ ਨੂੰ ਕਿਸੇ ਵੀ ਭਾਸ਼ਾ ਦਾ ਵਿਵਸਥਿਤ ਗਿਆਨ ਹੋਣਾ ਚਾਹੀਦਾ ਹੈ। ਉਨ੍ਹਾਂ ਲੋਕਧਾਰਾ ਵਿੱਚ ਕਹਾਣੀਆਂ ਦੇ ਮਹੱਤਵ ਬਾਰੇ ਕਿਹਾ ਕਿ ਕਹਾਣੀਆਂ ਸਰਬਵਿਆਪਕ ਹੁੰਦੀਆਂ ਹਨ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮਿਆਂ ਵਿਚ ਭਾਸ਼ਾ ਦਰਸ਼ਨ ਦਾ ਬਹੁਤ ਵੱਡਾ ਮਹੱਤਵ ਹੋਣ ਵਾਲਾ ਹੈ।
ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਸ਼ਬਦਾਂ ਦੇ ਮਰਨ ਨਾਲ ਭਾਸ਼ਾ ਨਹੀਂ ਮਰਦੀ। ਉਨ੍ਹਾਂ ਤਕਨੀਕ ਦੀ ਭਾਸ਼ਾ ਦੇ ਪ੍ਰਸੰਗ ਵਿੱਚ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਲੋਕਧਾਰਾ ਵਿਚ ਨਵਾਂ ਸਾਹਿਤ ਪੈਦਾ ਹੋ ਰਿਹਾ ਹੈ। ਨਵੀਂ ਸ਼ਬਦਾਵਲੀ ਸਾਹਮਣੇ ਆ ਰਹੀ ਹੈ ਅਤੇ ਤਕਨੀਕ ਨੇ ਭਾਸ਼ਾ ਨੂੰ ਅਮੀਰੀ ਦਿੱਤੀ ਹੈ।
ਅਖੀਰ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਨਾਲ ਵਾਈਸ ਚਾਂਸਲਰ ਸਾਹਿਬ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਕਾਨਫ਼ਰੰਸ ਦੇ ਪਹਿਲੇ ਅਕਾਦਮਿਕ ਸ਼ੈਸ਼ਨ ਦੌਰਾਨ ‘ਪੰਜਾਬ ਅਤੇ ਹਰਿਆਣਾ ਦੀਆਂ ਉਪਭਾਸ਼ਾਵਾਂ: ਭਾਸ਼ਾ ਵਿਗਿਆਨਕ ਲੋਕਧਾਰਾਈ ਅਤੇ ਸਭਿਆਚਾਰਕ ਅਧਿਐਨ’ ਵਿਸ਼ੇ ’ਤੇ ਚਰਚਾ ਹੋਈ। ਇਸ ਦੌਰਾਨ ਪ੍ਰੋ. ਰਾਜਿੰਦਰਪਾਲ ਸਿੰਘ ਬਰਾੜ ਅਤੇ ਪ੍ਰੋ. ਹਰਸਿਮਰਨ ਸਿੰਘ ਰੰਧਾਵਾ ਨੇ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਡਾ. ਹਲਵਿੰਦਰ ਸਿੰਘ ਦੁਆਰਾ ਮੰਚ ਸੰਚਾਲਨ ਕੀਤਾ ਗਿਆ। ਵੱਖ ਵੱਖ ਵਿਭਾਗਾਂ ਵਿੱਚੋਂ ਆਏ ਹੋਏ ਖੋਜਾਰਥੀਆਂ ਦੁਆਰਾ ਖੋਜ-ਪੱਤਰ ਪੜ੍ਹੇ ਗਏ।
ਪੁਆਧੀ ਕਵੀ ਦਰਬਾਰ ਕਰਵਾਇਆ
ਕਾਨਫਰੰਸ ਦੇ ਪਹਿਲੇ ਦਿਨ ਪੁਆਧੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪ੍ਰਧਾਨਗੀ ਡਾ. ਗੁਰਮੀਤ ਸਿੰਘ ਬੈਦਵਾਨ, ਮੰਚ ਸੰਚਾਲਨ ਡਾ. ਚਰਨਜੀਤ ਕੌਰ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਰਤਨ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ। ਪੁਆਧੀ ਕਵੀ ਦਰਬਾਰ ਵਿੱਚ ਮੋਹਿਨੀ ਤੂਰ, ਚਰਨ ਪੁਆਧੀ, ਗੁਰਪ੍ਰੀਤ ਨਿਆਮੀਆਂ, ਮਨਜੀਤ ਰਾਜਪੁਰਾ, ਰੋਮੀ ਘੜਾਮੇ ਵਾਲਾ, ਹਰਪ੍ਰੀਤ ਧਰਮਗੜ੍ਹ, ਡਾ. ਮਾਨਤਾ ਰਾਓ, ਡਾ. ਬਲਵਾਨ ਔਜਲਾ, ਡਾ. ਗੁਰਪ੍ਰੀਤ ਕੌਰ, ਲਖਬੀਰ ਸਿੰਘ ਦੌਦਪੁਰ ਨੇ ਹਾਜ਼ਰੀ ਲਵਾਈ।