ਪੱਤਰ ਪ੍ਰੇਰਕ
ਰਤੀਆ, 12 ਅਪਰੈਲ
ਮਾਰਕੀਟਿੰਗ ਬੋਰਡ ਨੇ ਵਪਾਰ ਮੰਡਲ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਜਿੱਥੇ ਮੰਡੀ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਚੌਕੀਦਾਰਾਂ ਦੀਆਂ ਡਿਊਟੀਆਂ ਲਗਾਈਆਂ ਹਨ, ਉਥੇ ਹੀ ਆਮ ਲੋਕਾਂ ਦੀਆਂ ਸਹੂਲਤਾਂ ਲਈ ਮੰਡੀ ਦੇ ਗੇਟ ’ਤੇ ਵਾਟਰ ਕੂਲਰ ਲਗਵਾਇਆ ਗਿਆ ਹੈ। ਮਾਰਕੀਟਿੰਗ ਬੋਰਡ ਵਲੋਂ ਲਗਾਏ ਵਾਟਰ ਕੂਲਰ ਦਾ ਵਪਾਰ ਮੰਡਲ ਦੇ ਪ੍ਰਧਾਨ ਰਾਜੂ ਲਾਲੀ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਯਸ਼ਪਾਲ ਮਹਿਤਾ ਦੀ ਪ੍ਰਧਾਨਗੀ ਹੇਠ ਪੱਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਨੇ ਉਦਘਾਟਨ ਕੀਤਾ। ਮਨਦੀਪ ਨੇ ਕਿਹਾ ਕਿ ਵਪਾਰੀ ਅਤੇ ਕਿਸਾਨ ਵਿਚ ਨਹੂੰ-ਮਾਸ ਦਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਦੇਸ਼ ਦਾ ਕਿਸਾਨ ਖੁਸ਼ਹਾਲ ਹੋਵੇਗਾ, ਤਦ ਹੀ ਵਪਾਰ ਵੀ ਖੁਸ਼ਹਾਲ ਹੋਵੇਗਾ। ਉਨ੍ਹਾਂ ਵਪਾਰੀਆਂ ਨੂੰ ਵੀ ਅਪੀਲ ਕੀਤੀ ਕਿ ਮੰਡੀ ਵਿਚ ਫਸਲ ਵੇਚਣ ਲਈ ਆਉਣ ਵਾਲੇ ਹਰ ਕਿਸਾਨ ਦਾ ਸਹਿਯੋਗ ਕਰਨ।