ਪੱਤਰ ਪ੍ਰੇਰਕ
ਟੋਹਾਣਾ, 27 ਦਸੰਬਰ
ਖੇਤੀ ਬਿੱਲਾਂ ’ਤੇ ਅੰਦੋਲਨਕਾਰੀ ਕਿਸਾਨਾਂ ਤੇ ਭਾਜਪਾ ਦੀ ਮੋਦੀ ਸਰਕਾਰ ਵਿੱਚ ਵਿਚੌਲਗੀ ਦੀ ਪੇਸ਼ਕਸ਼ ਨੂੰ ਭਾਕਿਯੂ ਦੇ ਗੁਰਨਾਮ ਸਿੰਘ ਚੜੂਨੀ ਨੇ ਰੱਦ ਕਰਦੇ ਹੋਏ ਕਿਹਾ ਕਿ ਹਰਿਆਣਾ ਦੀ ਬਦਕਿਸਮਤੀ ਹੈ ਕਿ ਕਿਸਾਨਾਂ ਦੇ ਵੱਡੇ ਆਗੂ ਚੌ. ਦੇਵੀਲਾਲ ਦੇ ਚੌ. ਛੋਟੂਰਾਮ ਦੀ ਵਰਤਮਾਨ ਪੀੜ੍ਹੀ ਨੇ ਉਨ੍ਹਾਂ ਨੂੰ ਕਲੰਕਿਤ ਕਰ ਦਿੱਤਾ ਹੈ। ਚੜੂਨੀ ਇਥੇ ਉਕਲਾਨਾ ਆਏ ਤਾਂ ਉਨ੍ਹਾਂ ਨੇ ਮੀਡੀਆਂ ਨੂੰ ਚੰਗੇ ਇਮਾਨਦਾਰ ਸਿਪਾਹੀ ਦੱਸਦੇ ਹੋਏ ਦੁਸ਼ਅੰਤ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ਜਨਤਾ ਨੇ ਭਾਜਪਾ ਦੇ ਵਿਰੁੱਧ ਦੁਸ਼ਯੰਤ ਨੂੰ ਵੋਟ ਦਿੱਤੇ ਤੇ ਉਸ ਨੇ ਧੋਖਾ ਕਰਕੇ ਭਾਜਪਾ ਨੂੰ ਵੋਟ ਵੇਚ ਦਿੱਤੇ ਅਜਿਹੀ ਵਿਚੋਲਗੀ ਕਿਸਾਨਾਂ ਨੂੰ ਮਨਜ਼ੂਰ ਨਹੀ। ਚੜੂਨੀ ਨੇ ਚੌਧਰੀ ਛੋਟੂਰਾਮ ਦੇ ਦੋਹਤਰੇ ਬੀਰੇਂਦਰ ਸਿੰਘ ਨੂੰ ਕਿਸਾਨੀ ਸਮਰਥਨ ਦਾ ਢੋਂਗੀ ਦੱਸਿਆ ਤੇ ਕਿਹਾ ਕਿ ਉਹ ਕਿਸਾਨਾਂ ਦੇ ਹਿਤੈਸ਼ੀ ਹਨ ਤਾਂ ਆਪਣੇ ਬੇਟੇ ਸੰਸਦ ਮੈਂਬਰ ਦਾ ਅਸਤੀਫ਼ਾ ਦਿਵਾਉਣ। ਚੜੂਨੀ ਨੇ ਵੱਡੇ ਕਾਰਪੋਰੇਟ ਘਰਾਣਿਆਂ ਤੇ ਬਾਬਾ ਰਾਮਦੇਵ ਦਾ ਸਾਮਾਨ ਨਾ ਖਰੀਦਣ ਦੀ ਅਪੀਲ ਕੀਤੀ। ਹਰਿਆਣਾ ਦੇ ਟੌਲ ਪਲਾਜ਼ਾ ਕੇਂਦਰ ਸਰਕਾਰ ਵੱਲੋਂ ਕਾਨੂੰਨ ਰੱਦ ਕਰਨ ਤੱਕ ਮੁਫ਼ਤ ਰਹਿਣਗੇ। ਟੌਲ ਪਲਾਜ਼ਿਆਂ ’ਤੇ ਕਿਸਾਨ ਕਮੇਟੀਆਂ ਲਗਾਤਾਰ ਨਿਗਰਾਨੀ ਕਰਨਗੀਆਂ।