ਸਿਰਸਾ (ਪ੍ਰਭੂ ਦਿਆਲ): ਪਿੰਡ ਬਾਜੇਕਾਂ ਮੋੜ ’ਤੇ ਪੁਲੀਸ ਵੱਲੋਂ ਲਾਏ ਨਾਕੇ ’ਤੇ ਖੜ੍ਹੀ ਪੁਲੀਸ ਦੀ ਗੱਡੀ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰੇ ਚਾਰ ਨੌਜਵਾਨਾਂ ਨੂੰ ਪੁਲੀਸ ਨੇ ਤੀਹ ਕਿਲੋਮੀਟਰ ਤੱਕ ਪਿੱਛਾ ਕਰ ਕੇ ਕਾਬੂ ਕਰ ਲਿਆ। ਮੁਲਜ਼ਮਾਂ ਤੋਂ 60 ਗਰਾਮ ਹੈਰੋਇਨ ਤੇ ਹੋਰ ਨਸ਼ੇ ਦੇ ਟੀਕੇ ਬਰਾਮਦ ਹੋਏ ਹਨ। ਪੁਲੀਸ ਨੇ ਚਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਦਰ ਥਾਣਾ ਇੰਚਾਰਜ ਈਸ਼ਵਰ ਸਿੰਘ ਨੇ ਦੱਸਿਆ ਕਿ ਲੰਘੀ ਦੇਰ ਰਾਤ ਪੁਲੀਸ ਵੱਲੋਂ ਨੈਸ਼ਨਲ ਹਾਈਵੇਅ 9 ’ਤੇ ਬਾਜੇਕਾਂ ਮੋੜ ’ਤੇ ਪੁਲੀਸ ਵੱਲੋਂ ਨਾਕਾ ਲਾਇਆ ਹੋਇਆ ਸੀ। ਜਦੋਂ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਇੱਕ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪੁਲੀਸ ਮੁਤਾਬਿਕ ਡਰਾਈਵਰ ਨੇ ਗੱਡੀ ਤੇਜ਼ ਕਰ ਲਈ ਤੇ ਪੁਲੀਸ ਦੀ ਗੱਡੀ ਨੂੰ ਟੱਕਰ ਮਾਰਨ ਮਗਰੋਂ ਭਜਾਉਣ ਦੀ ਕੋਸ਼ਿਸ਼ ਕੀਤੀ। ਤੁਰੰਤ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਗੱਡੀ ਦਾ ਪਿੱਛਾ ਕੀਤਾ ਤੇ ਤੀਹ ਕਿਲੋਮੀਟਰ ਮਗਰੋਂ ਗੱਡੀ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਗੱਡੀ ਦੀ ਤਲਾਸ਼ੀ ਲੈਣ ’ਤੇ ਗੱਡੀ ’ਚੋਂ 60 ਗ੍ਰਾਮ ਹੈਰੋਇਨ ਤੇ ਨਸ਼ੇ ਦੇ ਕੁਝ ਟੀਕੇ ਵੀ ਬਰਾਮਦ ਹੋਏ।