ਪੱਤਰ ਪ੍ਰੇਰਕ
ਫਰੀਦਾਬਾਦ, 8 ਜੂਨ
ਇਥੇ ਵਧੀਕ ਮੁੱਖ ਸਕੱਤਰ, ਮਾਲ ਤੇ ਆਫ਼ਤ ਪ੍ਰਬੰਧਨ ਵਿਭਾਗ ਸੰਜੀਵ ਕੌਸ਼ਲ ਨੇ ਕਿਹਾ ਕਿ ਸਾਰੇ ਕਿਸਾਨਾਂ ‘ਤੇ ਇਕ ਦਸਤਾਵੇਜ਼ੀ ਫਿਲਮ ਤਿਆਰ ਕੀਤੀ ਜਾਵੇਗੀ ਤੇ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਦੀ ਸਫਲਤਾ ਦੀ ਕਹਾਣੀ ਹਰੇਕ ਕਿਸਾਨ ਤੱਕ ਲਿਜਾਣ ਲਈ ਇਕ ਕਿਤਾਬਚਾ ਪ੍ਰਕਾਸ਼ਤ ਕੀਤਾ ਜਾਵੇਗਾ। ਇਸ ਦਸਤਾਵੇਜ਼ੀ ਫਿਲਮ ਅਤੇ ਕਿਤਾਬਚੇ ’ਚ ਹਰ ਇੱਕ ਕਿਸਾਨ ਦੀ ਸਫਲਤਾ ਦੀ ਕਹਾਣੀ, ਉਨ੍ਹਾਂ ਦਾ ਨਾਮ, ਮੋਬਾਈਲ ਨੰਬਰ ਤੇ ਹੋਰ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਹੋਟਲ ਰਾਜਹੰਸ ਵਿੱਚ ਜ਼ਿਲ੍ਹੇ ਦੇ ਅਗਾਂਹਵਧੂ ਦੋ ਦਰਜਨ ਤੋਂ ਵੱਧ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਸੀਂ ਸਾਰੇ ਰਾਜ ਅਤੇ ਦੇਸ਼ ਦੇ ਕਿਸਾਨਾਂ ਲਈ ਰੋਲ ਮਾਡਲ ਹੋ। ਇਸ ਦੌਰਾਨ ਉਨ੍ਹਾਂ ਨੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੂੰ ਸੂਬੇ ਦੀਆਂ ਉਨ੍ਹਾਂ ਥਾਵਾਂ ਦਾ ਦੌਰਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਜਿਥੇ ਕਿਸਾਨਾਂ ਲਈ ਵਧੀਆ ਕੰਮ ਕੀਤੇ ਗਏ ਹਨ। ਇਸ ਵਿੱਚ ਉਨ੍ਹਾਂ ਨੇ ਅੰਬਾਲਾ, ਕੁਰੂਕਸ਼ੇਤਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਤਿਆਰ ਕੀਤੇ ਪੈਕਿੰਗ ਸੈਂਟਰਾਂ ਦਾ ਦੌਰਾ ਕਰਨ ਲਈ ਕਿਸਾਨਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ।
ਇਸ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਕੁਝ ਪਿੰਡਾਂ ਵਿੱਚ ਵੀਟਾ ਦੇ ਖਰੀਦ ਕੇਂਦਰ ਸਥਾਪਤ ਕੀਤੇ ਜਾਣ। ਇਸ ‘ਤੇ ਵਧੀਕ ਮੁੱਖ ਸਕੱਤਰ ਨੇ ਬਹਾਦਰਪੁਰ, ਕੁਰਾਲੀ, ਸ਼ਿਆਮਪੁਰ, ਚਾਂਦਪੁਰ ਸਣੇ ਕਈ ਹੋਰ ਪਿੰਡਾਂ ਦੀ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਥੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਖਰੀਦ ਕੇਂਦਰ ਦੀ ਸ਼ੁਰੂਆਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬੱਲਭਗੜ੍ਹ ਵਿੱਚ 3 ਗੁਣਾਂ ਸਮਰੱਥਾ ਵਾਲੇ ਬਾਹਰ ਵੀਟਾ ਮਿਲਕ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।