ਪੱਤਰ ਪ੍ਰੇਰਕ
ਯਮੁਨਾਨਗਰ, 6 ਫਰਵਰੀ
ਇੱਥੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਬਰਖਾਸਤ ਪੀਟੀਆਈ ਅਧਿਆਪਕਾਂ ਦਾ ਧਰਨਾ ਅੱਜ ਵੀ ਜਾਰੀ ਰਿਹਾ। ਸਰਵ ਕਰਮਚਾਰੀ ਸੰਘ ਹਰਿਆਣਾ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਲਾਂਬਾ ਨੇ ਕਰਮਚਾਰੀਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਅਤੇ 9 ਜਨਵਰੀ ਤੋਂ ਧਰਨੇ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਧਰਨੇ ’ਤੇ ਬੈਠੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਬਰਖਾਸਤ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਘਰਾਂ ਦੇ ਚੁਲ੍ਹਿਆਂ ਦੀ ਅੱਗ ਨਹੀਂ ਬੁੱਝਣ ਦਿੱਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਨੂੰ ਬਿਨਾਂ ਦੇਰੀ ਆਪਣਾ ਵਾਅਦਾ ਪੂਰਾ ਕਰਨ ਅਤੇ ਬਰਖਾਸਤ ਅਧਿਆਪਕਾਂ ਨੂੰ ਐਡਜਸਟ ਕਰਨ ਦੀ ਮੰਗ ਕੀਤੀ। ਲਾਂਬਾ ਨੇ ਇੱਕ ਮਹੀਨੇ ਤੋਂ ਚਲ ਰਹੇ ਅੰਦੋਲਨ ਵੱਲ ਸਿੱਖਿਆ ਮੰਤਰੀ ਵੱਲੋਂ ਧਿਆਨ ਨਾ ਦੇਣ ਅਤੇ ਝੂਠੇ ਮੁਕਦਮੇ ਦਰਜ ਕਰਨ ਦੀ ਨਿੰਦਾ ਕੀਤੀ ਅਤੇ ਅਧਿਆਪਕਾਂ ਖਿਲਾਫ ਇਹ ਕੇਸ ਵਾਪਸ ਲਏ ਜਾਣ ਦੀ ਮੰਗ ਕੀਤੀ।
ਇਸ ਮੌਕੇ ਤੇ ਸਰੀਰਕ ਸਿੱਖਿਆ ਅਧਿਆਪਕ ਸੰਗਰਸ਼ ਸਮੀਤੀ ਦੇ ਮੈਂਬਰ ਬ੍ਰਿਜੇਸ਼ ਨਾਗਰ, ਯਸ਼ਵੰਤ ਰਾਣਾ, ਹਰਪ੍ਰਤਾਪ ਸਿੰਘ, ਪਵਨ ਖਨੋਦਾ, ਗੁਲਸ਼ਨ ਭਾਰਦਵਾਜ਼, ਪ੍ਰੀਤਮ ਬਲਿਆਨ, ਜੋਤ ਸਿੰਘ ਰਾਵਤ ਅਤੇ ਹੋਰ ਕਰਮਚਾਰੀ ਨੇਤਾ ਮੌਜੂਦ ਸਨ ।