ਪੱਤਰ ਪ੍ਰੇਰਕ
ਪਿਹੋਵਾ, 21 ਅਗਸਤ
ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਸਬੰਧੀ ਆਮ ਆਦਮੀ ਪਾਰਟੀ (ਆਪ) ਦੀ ਮੀਟਿੰਗ ਅਗਰਵਾਲ ਧਰਮਸ਼ਾਲਾ ਵਿੱਚ ਹੋਈ| ਮੀਟਿੰਗ ਦੀ ਪ੍ਰਧਾਨਗੀ ‘ਆਪ’ ਦੇ ਕੌਮੀ ਸਲਾਹਕਾਰ ਅਨੁਰਾਗ ਢਾਂਡਾ ਨੇ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਰਟੀ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ ਇਮਾਨਦਾਰ ਅਤੇ ਬੇਦਾਗ ਲੋਕਾਂ ਦੇ ਚਿਹਰਿਆਂ ਨੂੰ ਉਮੀਦਵਾਰ ਬਣਾਏਗੀ। ਜ਼ਿਲ੍ਹਾ ਪਰਿਸ਼ਦ ਦੀ ਚੋਣ ਪਾਰਟੀ ਨਿਸ਼ਾਨ ’ਤੇ ਲੜੀ ਜਾਵੇਗੀ। ਪੰਚਾਇਤ ਸਮਿਤੀ ਅਤੇ ਗ੍ਰਾਮ ਪੰਚਾਇਤ ਦੀਆਂ ਚੋਣਾਂ ਸਿੰਬਲ ’ਤੇ ਨਹੀਂ ਲੜੀਆਂ ਜਾਣਗੀਆਂ। ਇਸ ਮੌਕੇ ‘ਆਪ’’ ਆਗੂ ਬਲਬੀਰ ਸੈਣੀ ਦੇ ਘਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜਨ ਲਈ ਇੱਛੁਕ ਉਮੀਦਵਾਰਾਂ ਦੀਆਂ ਅਰਜ਼ੀਆਂ ਪ੍ਰਾਪਤ ਹੋ ਰਹੀਆਂ ਹਨ, ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਚੋਣਾਂ ਦੀ ਤਰੀਕ ਦਾ ਐਲਾਨ ਹੁੰਦੇ ਹੀ ‘ਆਪ’ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦੇਵੇਗੀ। ਅਨੁਰਾਗ ਨੇ ਦਾਅਵਾ ਕੀਤਾ ਕਿ ‘ਆਪ’ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਕਾਂਗਰਸ ਪਾਰਟੀ ਨੇ ਇਨ੍ਹਾਂ ਚੋਣਾਂ ਤੋਂ ਹੱਥ ਪਿੱਛੇ ਖਿੱਚ ਲਏ ਹਨ। ਜਦੋਂਕਿ ‘ਆਪ’ ਦਾ ਮੁਕਾਬਲਾ ਭਾਜਪਾ ਅਤੇ ਜੇਜੇਪੀ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਹਰ ਰੋਜ਼ 6 ਥਾਵਾਂ ’ਤੇ ਮੀਟਿੰਗਾਂ ਕਰਕੇ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਵਿੱਚ ਸੈਂਕੜੇ ਲੋਕ ਆਪਣੀਆਂ ਅਰਜ਼ੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਨੂੰ ਜਾਣਬੁੱਝ ਕੇ ਸੀ.ਬੀ.ਆਈ. ਛਾਪਾਮਾਰੀ ਕਰਵਾ ਕੇ ਫਸਾਉਣ ਦਾ ਕੰਮ ਕਰ ਰਹੀ ਹੈ। ਕਿਉਂਕਿ ਦਿੱਲੀ ਦੀ ਸਿੱਖਿਆ ਨੀਤੀ ਦੇਸ਼ ਵਿੱਚ ਸਭ ਤੋਂ ਵਧੀਆ ਹੈ ਅਤੇ ਭਾਜਪਾ ਇਸ ਨਾਲ ਦੁਸ਼ਮਣੀ ਰੱਖ ਰਹੀ ਹੈ। ਇਸ ਮੌਕੇ ਹਲਕਾ ਉੱਤਰੀ ਜ਼ੋਨ ਦੇ ਇੰਚਾਰਜ ਚਿੱਤਰਾ ਸਰਵਰਾ, ਗੁਰਿੰਦਰਜੀਤ ਨੱਤ, ਅਨਿਲ ਧਵਨ, ਰਮੇਸ਼ ਚੰਦ, ਗਹਿਲ ਸਿੰਘ ਸੰਧੂ, ਰਾਜੇਸ਼ ਸੈਣੀ, ਡਾ. ਮਨੋਜ ਕੁਮਾਰ ਸਮੇਤ ਕਈ ਹੋਰ ਕਾਰਕੁਨ ਹਾਜ਼ਰ ਸਨ।