ਪੱਤਰ ਪ੍ਰੇਰਕ
ਕਾਲਾਂਵਾਲੀ, 3 ਸਤੰਬਰ
ਖੇਤਰ ਦੇ ਪਿੰਡ ਸੂਰਤੀਆ ਅਤੇ ਭੀਮਾ ਵਿੱਚ ਅੱਜ ਸਵੇਰੇ ਸਰਕਾਰੀ ਹਾਈ ਸਕੂਲਾਂ ਦੇ ਮੁੱਖ ਗੇਟ ’ਤੇ ਇਕੱਠੇ ਹੋਏ ਵਿਦਿਆਰਥੀਆਂ ਅਤੇ ਮਾਪਿਆਂ ਨੇ ਸਕੂਲ ਨੂੰ ਤਾਲਾ ਲਗਾ ਕੇ ਧਰਨਾ ਦਿੱਤਾ ਤੇ ਅਧਿਆਪਕਾਂ ਦੀ ਆਨਲਾਈਨ ਤਬਾਦਲਾ ਮੁਹਿੰਮ ਦਾ ਵਿਰੋਧ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਜ਼ਿਕਰਯੋਗ ਹੈ ਕਿ ਸਰਕਾਰੀ ਹਾਈ ਸਕੂਲ ਭੀਮਾ ਵਿੱਚ ਸਿਰਫ਼ ਇੱਕ ਹੀ ਪੰਜਾਬੀ ਅਧਿਆਪਕ ਕੰਮ ਕਰ ਰਿਹਾ ਹ। ਵਿਗਿਆਨ, ਗਣਿਤ, ਅੰਗਰੇਜ਼ੀ ਹਿੰਦੀ ਵਰਗੇ ਸਾਰੇ ਮਹੱਤਵਪੂਰਨ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਜਿਨ੍ਹਾਂ ਅਧਿਆਪਕਾਂ ਦੇ ਤਬਾਦਲੇ ਕੀਤੇ ਜਾ ਰਹੇ ਸਨ, ਉਨ੍ਹਾਂ ਦੀ ਥਾਂ ’ਤੇ ਕੋਈ ਅਧਿਆਪਕ ਨਹੀਂ ਭੇਜਿਆ ਗਿਆ। ਇਸ ਤਰ੍ਹਾਂ ਹੀ ਪਿੰਡ ਸੂਰਤੀਆ ਸਥਿਤ ਸਰਕਾਰੀ ਸਕੂਲ ਵਿੱਚ ਸਟਾਫ਼ ਦੀ ਘਾਟ ਸਬੰਧੀ ਗੇਟ ’ਤੇ ਮੀਟਿੰਗ ਕੀਤੀ ਗਈ। ਇਸ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਵਕੀਲ ਸਿੰਘ ਰੋੜੀ ਨੇ ਕਿਹਾ ਕਿ 9 ਸਤੰਬਰ ਨੂੰ ਸਿਰਸਾ ਜ਼ਿਲ੍ਹੇ ਵਿੱਚ ਸਰਕਾਰ ਦੀਆਂ ਇਨ੍ਹਾਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਤਿੰਨ ਘੰਟੇ ਲਈ ਪਿੰਡਾਂ ਅਤੇ ਕਸਬਿਆਂ ਦੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ।
ਭਾਵਦੀਨ ਦੇ ਸਕੂਲ ’ਚ ਖਾਲੀ ਅਸਾਮੀਆਂ ਭਰਨ ਦੀ ਮੰਗ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਭਾਵਦੀਨ ਸਥਿਤ ਸ਼ਹੀਦ ਨਿਸ਼ਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਅਧਿਆਪਕਾਂ ਦੀ ਕਮੀ ਦੇ ਵਿਰੋਧ ’ਚ ਪਿੰਡ ਵਾਸੀਆਂ ਨੇ ਸਕੂਲ ਨੂੰ ਜਿੰਦਰਾ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਸਕੂਲ ’ਚ ਖਾਲ੍ਹੀ ਆਸਾਮੀਆਂ ਤੁਰੰਤ ਭਰੇ ਜਾਣ ਦੀ ਮੰਗ ਨੂੰ ਲੈ ਮੁੱਖ ਮੰਤਰੀ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਹਰਿਆਣਾ ਸਰਕਾਰ ਦੀ ਤਬਾਦਲਾ ਨੀਤੀ ਕਾਰਨ ਪੀਟੀਆਈ/ਡੀਪੀਆਈ ਦੀ ਪੋਸਟ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲ ’ਚ ਹਿੰਦੀ, ਕੰਪਿਊਟਰ ਸਾਇੰਸ, ਅੰਗਰੇਜ਼ੀ, ਸਾਇੰਸ, ਸੋਸ਼ਲ ਸਾਇੰਸ ਦੇ ਅਧਿਆਪਕ ਨਾ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਨਹੀਂ ਹੋ ਰਹੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਪਿੰਡ ਨੂੰ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਗੋਦ ਲਿਆ ਹੋਇਆ ਹੈ।