ਪੱਤਰ ਪ੍ਰੇਰਕ
ਟੋਹਾਣਾ, 28 ਫਰਵਰੀ
ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਗੰਗਵਾ ਵੱਡੀ ਸੁਰੱਖਿਆ ਛੱਤਰੀ ਹੇਠ ਗੁਰੂ ਰਵਿਦਾਸ ਧਰਮਸ਼ਾਲਾ ਫਤਿਹਾਬਾਦ ਵਿੱਚ ਮੁਹੱਲਿਆਂ ਦੇ ਰਸਤੇ ਰਾਹੀਂ ਕਰੀਬ 12.30 ਵਜੇ ਪੁੱਜੇ। ਉਹ ਕਿਸਾਨਾਂ ਦੇ ਵਿਰੋਧ ਦੇ ਡਰ ਕਾਰਨ ਗੁਰੂ ਰਵਿਦਾਸ ਨੂੰ ਨਤਮਸਤਕ ਹੋਣ ਦੇ ਪੰਜ ਮਿੰਟ ਮਗਰੋਂ ਹੀ ਚਲੇ ਗਏ। ਇਸ ਦੌਰਾਨ ਉਨ੍ਹਾਂ ਰਵਿਦਾਸ ਸਭਾ ਨੂੰ 11 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਤੇ ਦੋ ਮੰਗ ਪੱਤਰ ਵੀ ਪ੍ਰਾਪਤ ਕੀਤੇ। ਗੰਗਵਾ ਦੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਦੁਪਹਿਰ ਤੱਕ ਬੇਯਕੀਨੀ ਬਣੀ ਰਹੀ ਤੇ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੇ ਘਿਰਾਓ ਕਰਨ ਦੀਆਂ ਅਫ਼ਵਾਹਾਂ ਕਾਰਨ ਫਤਿਹਾਬਾਦ ਪੁਲੀਸ ਦੌਰੇ ਦੀ ਕੋਈ ਸੂਚਨਾ ਦੇਣ ਤੋਂ ਪਿੱਛੇ ਹਟ ਗਈ ਤੇ ਡਿਪਟੀ ਸਪੀਕਰ ਭੂਨਾ ਰੋਡ ’ਤੇ ਰੈਸਟ ਹਾਊਸ ਵਿੱਚ ਕੱਦੋਂ ਪੁੱਜੇ, ਕਿਸੇ ਵੀ ਪਾਰਟੀ ਅਹੁਦੇਦਾਰ ਨੂੰ ਕੋਈ ਸੂਚਨਾ ਨਹੀਂ ਮਿਲੀ। ਕਿਉਂਕਿ ਪੁਲੀਸ ਨੇ ਉਨ੍ਹਾਂ ਦੇ ਪੁੱਜਣ ਦੀ ਖ਼ਬਰ ਨੂੰ ਆਖਰੀ ਸਮੇਂ ਤੱਕ ਲੀਕ ਨਹੀਂ ਹੋਣ ਦਿੱਤਾ।
ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤੇ ਧਰਮਸ਼ਾਲਾ ਨੂੰ ਜਾਣ ਵਾਲੀਆਂ ਸੜਕਾਂ ’ਤੇ ਬੈਰੀਕੇਡ ਲਾਏ ਗਏ। ਇਸ ਇਲਾਵਾ ਪੁਲੀਸ ਪ੍ਰਸ਼ਾਸਨ ਨੇ ਡੀਐੱਸਪੀ ਬਲਬੀਰ ਬੈਨੀਵਾਲ, ਐਸਐਚਓ ਸੁਰਿੰਦਰ ਕੰਬੋਜ, ਇਸੰਪੈਕਟਰ ਵਿਕਰਮ ਜੋਸਨ ਤੋਂ ਇਲਾਵਾ 125 ਪੁਲੀਸ ਮੁਲਾਜ਼ਮਾਂ ਨੂੰ ਸਵੇਰੇ 9 ਵਜੇ ਤੋਂ ਨਿਗਰਾਨੀ ’ਤੇ ਤਾਇਨਾਤ ਕੀਤਾ ਹੋਇਆ ਸੀ। ਜਾਣਕਾਰੀ ਮੁਤਾਬਿਕ ਡਿਪਟੀ ਸਪੀਕਰ ਥੋੜ੍ਹੇ ਸਮੇਂ ਵਿੱਚ ਪੁਲੀਸ ਦੀ ਨਿਗਰਾਨੀ ਹੇਠ ਰੈਸਟ ਹਾਊਸ ਵਿੱਚ ਵਾਪਸ ਪੁੱਜੇ ਅਤੇ ਕੁਝ ਸਮੇਂ ਮਗਰੋਂ ਉਹ ਉਥੇ ਚੱਲੇ ਗਏ। ਪੁਲੀਸ ਵੱਲੋਂ ਉਨ੍ਹਾਂ ਦੇ ਰੈਸਟ ਹਾਊਸ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।