ਪ੍ਰਭੂ ਦਿਆਲ
ਸਿਰਸਾ, 29 ਅਕਤੂਬਰ
ਦੇਸ਼ ਤੇ ਪ੍ਰਦੇਸ਼ ਵਿੱਚ ਮਹਿਲਾਵਾਂ ਤੇ ਲੜਕੀਆਂ ’ਤੇ ਵੱਧ ਰਹੇ ਜਬਰ-ਜਨਾਹ ਦੇ ਖ਼ਿਲਾਫ਼ ਅੱਜ ਵੱਖ-ਵੱਖ ਜਥੇਬੰਦੀਆਂ ਨੇ ਪ੍ਰਦਰਸ਼ਨ ਕਰਕੇ ਦੋਸ਼ੀਆਂ ਨੂੰ ਜਲਦੀ ਸਖ਼ਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਜਨਵਾਦੀ ਮਹਿਲਾ ਸਮਿਤੀ, ਹਰਿਆਣਾ ਗਿਆਨ ਵਿਗਿਆਨ ਤੇ ਦਲਿਤ ਅਧਿਕਾਰ ਮੰਚ ਦੇ ਕਾਰਕੁਨ ਤੇ ਆਗੂ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਇਕੱਠੇ ਹੋਏ, ਜਿਥੋਂ ਉਹ ਪ੍ਰਦਰਸ਼ਨ ਕਰਦੇ ਹੋਏ ਸਰਕਾਰੀ ਮਹਿਲਾ ਕਾਲਜ ਤੱਕ ਗਏ। ਇਸ ਦੌਰਾਨ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਮਹਿਲਾਵਾਂ ਨਾਲ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਵਿੱਚ ਫੇਲ੍ਹ ਸਾਬਤ ਹੋ ਰਹੀ ਹੈ। ਹਾਥਰਸ ਦੀ ਘਟਨ ਦੇ ਬਾਅਦ ਵੀ ਬਲਰਾਮਪੁਰ, ਆਜ਼ਮਗੜ੍ਹ, ਬੁਲੰਦਸ਼ਹਿਰ ਤੇ ਦੇਸ਼ ਦੇ ਹੋਰ ਹਿੱਸਿਆਂ ’ਚ ਲਗਾਤਾਰ ਲੜਕੀਆਂ ਤੇ ਮਹਿਲਾਵਾਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਦੌਰਾਨ ਜਨਵਾਦੀ ਮਹਿਲਾ ਸਮਿਤੀ ਦੀ ਆਗੂ ਬਲਬੀਰ ਕੌਰ ਗਾਂਧੀ, ਸਰਬਜੀਤ ਕੌਰ, ਜਮਹੂਰੀ ਅਧਿਕਾਰ ਸਭਾ ਦੀ ਆਗੂ ਗੁਰਮੇਲ, ਹਰਿਆਣਾ ਗਿਆਨ ਵਿਗਿਆਨ ਸਮਿਤੀ ਦੇ ਆਗੂ ਗੁਰਬਖਸ਼ ਮੋਂਗਾ ਅਤੇ ਦਲਿਤ ਅਧਿਕਾਰ ਮੰਚ ਦੇ ਆਗੂ ਹਰਿੰਦਰ ਪਹਿਲਾਵਾਨ ਨੇ ਸੰਬੋਧਨ ਕੀਤਾ।