ਪੱਤਰ ਪ੍ਰੇਰਕ
ਯਮੁਨਾਨਗਰ, 14 ਮਾਰਚ
ਸ਼ਹਿਰ ਦੇ ਮੇਨ ਬਾਜ਼ਾਰ ਤੋਂ ਰੇਹੜੀ ਫੜ੍ਹੀ ਵਾਲਿਆਂ ਨੂੰ ਤਬਦੀਲ ਕੀਤੇ ਜਾਣ ਤੋਂ ਨਾਰਾਜ਼ ਦੁਕਾਨਦਾਰਾਂ ਨੇ ਜ਼ਿਲ੍ਹਾ ਸਕੱਤਰੇਤ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਨੂੰ ਯਾਦ ਪੱਤਰ ਸੌਂਪਿਆ। ਰੇਹੜੀ-ਫੜ੍ਹੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਪਿਛਲੇ 10 ਦਿਨਾਂ ਤੋਂ ਤੰਗ ਕਰ ਰਹੇ ਹਨ ਅਤੇ ਨਵੀਂ ਬਣਾਈ ਥਾਂ ’ਤੇ ਜਾਣ ਲਈ ਮਜਬੂਰ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਜਿੱਥੇ ਜਾਣ ਲਈ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਉਥੇ ਥਾਂ ਤੰਗ ਹੈ ਅਤੇ ਆਬਾਦੀ ਤੋਂ ਬਹੁਤ ਦੂਰ ਹੈ। ਉਨ੍ਹਾਂ ਕਿਹਾ ਕਿ ਐਨੀ ਦੂਰ ਉਨ੍ਹਾਂ ਕੋਲ ਕੋਈ ਗਾਹਕ ਵੀ ਨਹੀਂ ਆਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ 50 ਸਾਲਾਂ ਤੋਂ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਕੰਮ ਕਰ ਕੇ ਆਪਣੇ ਬੱਚਿਆਂ ਅਤੇ ਘਰ ਦਾ ਗੁਜ਼ਾਰਾ ਕਰ ਰਹੇ ਹਨ ਪਰ ਨਗਰ ਨਿਗਮ ਦੇ ਇਸ ਫੈਸਲੇ ਨਾਲ ਪੰਜ ਹਜਾਰ ਦੇ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ । ਉਨ੍ਹਾਂ ਕਿਹਾ ਕਿ ਉਹ ਮੇਨ ਬਾਜ਼ਾਰ ਤੇ ਪੀਲੀ ਪੱਟੀ ਦੇ ਅੰਦਰ ਰਹਿ ਕੇ ਕੰਮ ਕਰਨਗੇ ਅਤੇ ਗੈਰਕਾਨੂੰਨੀ ਢੰਗ ਨਾਲ ਅਜਿਹਾ ਕੋਈ ਕਬਜ਼ਾ ਵੀ ਨਹੀਂ ਕਰਨਗੇ ਜਿਸ ਨਾਲ ਆਮ ਲੋਕਾਂ ਨੂੰ ਆਵਾਜਾਈ ਵਿੱਚ ਕੋਈ ਦਿੱਕਤ ਹੋਵੇ। ਦੂਜੇ ਪਾਸੇ ਮੇਅਰ ਮਦਨ ਚੋਹਾਨ ਅਤੇ ਨਿਗਮ ਦੇ ਕਮਿਸ਼ਨਰ ਧੀਰੇਂਂਦਰ ਖਡਗਟਾ ਦਾ ਕਹਿਣਾ ਸੀ ਕਿ ਵੈਂਡਿੰਗ ਜ਼ੋਨ ਵਿੱਚ ਬਿਜਲੀ, ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਦਿੱਤੀਆਂ ਗਈਆਂ ਹਨ। ਸ਼ੁਰੂ ਵਿੱਚ ਦਿਕੱਤਾਂ ਆਉਣਗੀਆਂ ਪਰ ਰੇਹੜੀ ਫੜ੍ਹੀ ਵਾਲਿਆਂ ਦਾ ਭੱਵਿਖ ਉੱਜਲਾ ਹੋਵੇਗਾ ਅਤੇ ਲੋਕਾਂ ਨੂੰ ਜਾਮ ਤੋਂ ਨਿਜ਼ਾਤ ਮਿਲੇਗੀ । ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਰੇਹੜੀ ਵਾਲਿਆਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਕਰਨ ਦਾ ਭਰੋਸਾ ਦਿੱਤਾ ।