ਦੇਵਿੰਦਰ ਸਿੰਘ
ਯਮੁਨਾਨਗਰ, 18 ਅਕਤੂਬਰ
ਹਰਿਆਣਾ ਸਰਕਾਰ ਵੱਲੋਂ ਅੰਦੋਲਨਕਾਰੀ ਮੁਲਾਜ਼ਮ ਆਗੂਆਂ ਅਤੇ ਅਧਿਆਪਕਾਂ ਵਿਰੁੱਧ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਰੱਦ ਕਰਵਾਉਣ, ਵਿਭਾਗੀ ਸੰਗਠਨਾਂ ਦੀਆਂ ਸਮੱਸਿਆਵਾਂ ਦੇ ਹੱਲ, ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਦੀ ਮੁੱਢਲੀ ਪੈਨਸ਼ਨ ਵਿੱਚ ਵਾਧਾ ਕਰਵਾਉਣ ਲਈ ਸਰਵ ਕਰਮਚਾਰੀ ਸੰਘ ਦੇ ਕਰਮਚਾਰੀਆਂ ਨੇ ਅੱਜ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਐਸਡੀਐਮ ਸੁਸ਼ੀਲ ਕੁਮਾਰ ਨੂੰ ਸੌਂਪਿਆ।
ਇਸ ਮੌਕੇ ਮੁਜ਼ਾਹਰਾ ਕਰ ਰਹੇ ਮੁਲਾਜ਼ਮਾਂ ਨੂੰ ਕਰਮਮਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ, ਸੇਵਾਮੁਕਤ ਕਰਮਚਾਰੀ ਯੂਨੀਅਨ ਹਰਿਆਣਾ ਦੇ ਸੂਬਾ ਪ੍ਰਧਾਨ ਅਤੇ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਨਰਲ ਸਿੰਘ ਸਾਂਗਵਾਨ ਅਤੇ ਸੂਬਾਈ ਆਗੂ ਨਰਿੰਦਰ ਕੰਬੋਜ ਨੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਅੰਦੋਲਨਕਾਰੀ ਡਿਪਲੋਮਾ ਵੈਟਰਨਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਣੇ ਚਾਰ ਹੋਰ ਅੰਦੋਲਨਕਾਰੀ ਆਗੂਆਂ ਅਤੇ ਕੈਥਲ ਦੇ ਇੱਕ ਅਧਿਆਪਕ ਨੂੰ ਮੁਅੱਤਲ ਕਰਨ ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਮੁਲਾਜ਼ਮਾਂ ਵਿੱਚ ਸਰਕਾਰ ਖ਼ਿਲਾਫ਼ ਰੋਹ ਭਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਰਮਚਾਰੀ ਜਥੇਬੰਦੀਆਂ ਦੀ ਗੱਲ ਸੁਣਨ ਦੀ ਬਜਾਇ ਕੰਨ ਬੰਦ ਕਰ ਕੇ ਬੈਠੀ ਹੈ। ਇਸ ਕਰ ਕੇ ਮੁਲਾਜ਼ਮਾਂ ਨੂੰ ਸਰਕਾਰ ਨਾਲ ਹੋਏ ਫ਼ੈਸਲੇ ਲਾਗੂ ਕਰਵਾਉਣ ਲਈ ਅੰਦੋਲਨ ਕਰਨਾ ਪੈ ਰਿਹਾ ਹੈ। ਸਰਕਾਰ ਨੇ ਕਰਮਚਾਰੀਆਂ ਆਗੂਆਂ ਨਾਲ ਹੋਏ ਫੈਸਲੇ ਨੂੰ ਲਾਗੂ ਕਰਨ ਦੀ ਬਜਾਇ ਸੂਬਾ ਪ੍ਰਧਾਨ ਡਾ. ਵਿਜੇਂਦਰ ਬੈਨੀਵਾਲ ਸਣੇ ਤਿੰਨ ਹੋਰ ਅੰਦੋਲਨਕਾਰੀ ਮੁਲਾਜ਼ਮ ਆਗੂਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੈਥਲ ਵਿੱਚ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਲਾਗੂ ਚਿਰਾਗ ਸਕੀਮ ਦਾ ਵਿਰੋਧ ਕਰਨ ’ਤੇ ਅਧਿਆਪਕ ਸੁਰੇਸ਼ ਦ੍ਰਾਵਿੜ ’ਤੇ ਕੇਸ ਦਰਜ ਕੀਤਾ ਹੈ।
ਸਰਵ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਸਰਵ ਕਰਮਚਾਰੀ ਸੰਘ ਹਰਿਆਣਾ ਵੱਲੋਂ 12 ਤੋਂ 14 ਨਵੰਬਰ ਤੱਕ ਕੁਰੂਕਸ਼ੇਤਰ ਵਿੱਚ ਹੋਣ ਵਾਲੇ ਸੂਬਾਈ ਸੰਮੇਲਨ ਵਿੱਚ ਫ਼ੈਸਲਾਕੁੰਨ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਿਸ਼ੋਰ ਕੁਮਾਰ, ਜ਼ਿਲ੍ਹਾ ਸਕੱਤਰ ਪ੍ਰੇਮ ਪ੍ਰਕਾਸ਼, ਸੂਬਾਈ ਆਗੂ ਨਰਿੰਦਰ ਕੰਬੋਜ, ਸੀਟੂ ਆਗੂ ਰੋਸ਼ਨ ਲਾਲ, ਪਸ਼ੂ ਪਾਲਣ ਵਿਭਾਗ ਤੋਂ ਮੌਂਟੀ, ਵੀਐਲਡੀਏ ਵਿਭਾਗ ਤੋਂ ਸਮਸ਼ੇਰ ਸਿੰਘ, ਸਿਹਤ ਠੇਕਾ ਮੁਲਾਜ਼ਮ ਯੂਨੀਅਨ ਤੋਂ ਸੁਮਿਤ ਰਿਸ਼ੀ, ਬਿਜਲੀ ਵਿਭਾਗ ਤੋਂ ਵਿਜੇ ਕੁਮਾਰ, ਰਾਜੇਸ਼ ਕੁਮਾਰ, ਕਰਨ ਪਵਾਰ ਅਤੇ ਸੋਮਨਾਥ, ਸੇਵਾਮੁਕਤ ਸੰਘ ਤੋਂ ਜੋਤ ਸਿੰਘ ਆਦਿ ਵੀ ਹਾਜ਼ਰ ਸਨ।