ਪੱਤਰ ਪ੍ਰੇਰਕ
ਯਮੁਨਾਨਗਰ, 13 ਜੂਨ
ਸਿਵਲ ਹਸਪਤਾਲ ਦਾ ਛੋਟਾ ਗੇਟ ਰਾਮਪੁਰਾ ਕਲੋਨੀ ਵੱਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਕਲੋਨੀ ਵਾਸੀਆਂ ਦਾ ਵਫਦ ਸਿਵਲ ਸਰਜਨ ਡਾ. ਮਨਜੀਤ ਸਿੰਘ ਨੂੰ ਮਿਲਿਆ। ਵਫ਼ਦ ਵਿੱਚ ਸੀਨੀਅਰ ਪੱਤਰਕਾਰ ਪ੍ਰਵੀਨ ਮੋਦਗਿਲ, ਦੇਵੇਂਦਰ ਮਹਿਤਾ, ਮੋਹਿਤ ਵਿਜ, ਸ਼ਿਵ ਚੁੰਨੀ, ਟੈਲੀਕਾਮ ਕਾਰਪੋਰੇਸ਼ਨ ਦੇ ਸੇਵਾਮੁਕਤ ਅਧਿਕਾਰੀ ਵਿਨੋਦ ਸੇਠੀ, ਆਬਕਾਰੀ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਆਰਕੇ ਸ਼ਰਮਾ, ਸੇਵਾਮੁਕਤ ਬੈਂਕ ਅਧਿਕਾਰੀ ਜੈ ਸਿੰਘ ਪਵਾਰ, ਸਮਾਜ ਸੇਵਕ ਸੋਮ ਪ੍ਰਕਾਸ਼ ਓਬਰਾਏ, ਸੀਮਾ ਓਬਰਾਏ, ਅਨਿਲ ਲਾਂਬਾ, ਡਾ. ਭਾਵਨਾ ਨੰਦਾ, ਸੁਰਿੰਦਰ ਸ਼ਰਮਾ ਅਤੇ ਰਾਜੇਸ਼ ਬਖਸ਼ੀ ਸ਼ਾਮਲ ਸਨ। ਉਨ੍ਹਾਂ ਸਿਵਲ ਸਰਜਨ ਨੂੰ ਕਿਹਾ ਕਿ ਹਸਪਤਾਲ ਵਿੱਚ ਦਿਨ ਪ੍ਰਤੀ ਦਿਨ ਇੱਕ ਤੋਂ ਵੱਧ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਦਾ ਲਾਭ ਲੈਣ ਲਈ ਰੋਜ਼ਾਨਾ ਹਜ਼ਾਰਾਂ ਮਰੀਜ਼ ਹਸਪਤਾਲ ਵਿੱਚ ਜਾਂਦੇ ਹਨ। ਰਾਮਪੁਰਾ, ਗ੍ਰੀਨ ਪਾਰਕ ਫੇਜ਼ ਵੰਨ, ਫੇਜ਼-2, ਕਾਲਿੰਦੀ ਕਲੋਨੀ, ਹਰਦੇਵ ਨਗਰ, ਕੀਰਤੀ ਨਗਰ ਸਮੇਤ ਅੱਧੀ ਦਰਜਨ ਤੋਂ ਵੱਧ ਕਲੋਨੀਆਂ ਸਿਵਲ ਹਸਪਤਾਲ ਦੇ ਨਾਲ ਪੈਂਦੀਆਂ ਹਨ ਪਰ ਰਾਮਪੁਰਾ ਮੇਨ ਰੋਡ ’ਤੇ ਕਾਰਾਂ ਦੀ ਮੁਰੰਮਤ ਦਾ ਕੰਮ ਚਲਦਾ ਰਹਿੰਦਾ ਹੈ। ਇਸ ਕਾਰਨ ਇੱਥੇ ਹਮੇਸ਼ਾ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਦੌਰਾਨ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਲਿਜਾਣ ਵਿੱਚ ਮੁਸ਼ਕਲ ਆਉਂਦੀ ਹੈ। ਅਜਿਹੇ ਵਿੱਚ ਜੇ ਸਿਵਲ ਹਸਪਤਾਲ ਦਾ ਛੋਟਾ ਗੇਟ ਰਾਮਪੁਰਾ ਕਲੋਨੀ ਵਾਲੇ ਪਾਸੇ ਖੋਲ੍ਹ ਦਿੱਤਾ ਜਾਵੇ ਤਾਂ ਮਸਲਾ ਹੱਲ ਹੋ ਜਾਵੇਗਾ। ਸਿਵਲ ਸਰਜਨ ਨੇ ਲੋਕਾਂ ਦੀ ਸਮੱਸਿਆ ਨੂੰ ਜਾਇਜ਼ ਠਹਿਰਾਉਂਦਿਆਂ ਜਲਦੀ ਹੀ ਰਾਮਪੁਰਾ ਕਲੋਨੀ ਵਾਲਾ ਛੋਟਾ ਗੇਟ ਖੋਲ੍ਹਣ ਦਾ ਭਰੋਸਾ ਦਿੱਤਾ।