ਪੱਤਰ ਪ੍ਰੇਰਕ
ਜੀਂਦ, 25 ਜੁਲਾਈ
ਸਫੀਦੋਂ ਦੇ ਨਵੇਂ ਬੱਸ ਅੱਡੇ ਰੋਡ ਉੱਤੇ ਲੱਗੇ ਇੱਕ ਬਿਜਲੀ ਦੇ ਟ੍ਰਾਂਸਫਾਰਮਰ ਕੋਲ ਪਈਆਂ ਨੰਗੀ ਤਾਰਾਂ ਵਿੱਚ ਉਲਝ ਕੇ ਇੱਕ ਨੰਦੀ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਗਊ ਭਗਤਾਂ ਵਿੱਚ ਰੋਸ ਹੈ। ਭੜਕੇ ਹੋਏ ਗਊ ਭਗਤਾਂ ਨੇ ਇਸ ਨੂੰ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਦੱਸਿਆ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਸ ਟ੍ਰਾਂਸਫਾਰਮਰ ਵਿੱਚ ਲਗਪਗ ਇੱਕ ਹਫ਼ਤੇ ਤੋਂ ਬਿਜਲੀ ਦਾ ਕਰੰਟ ਆ ਰਿਹਾ ਸੀ ਤੇ ਲੋਕਾਂ ਵੱਲੋਂ ਬਿਜਲੀ ਵਿਭਾਗ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਉਨ੍ਹਾਂ ਨੇ ਇਸ ਟ੍ਰਾਂਸਫਾਰਮਰ ਨੂੰ ਨਹੀਂ ਸੰਭਾਲਿਆ। ਉਨ੍ਹਾਂ ਨੇ ਦੱਸਿਆ ਕਿ ਇਸ ਟ੍ਰਾਂਸਫਾਰਮਰ ਤੋਂ ਥੋੜ੍ਹੀ ਹੀ ਦੂਰੀ ਉੱਤੇ ਇੱਕ ਮੰਦਰ ਹੈ, ਜਿੱਥੇ ਲੋਕੀਂ ਹਰ ਰੋਜ਼ ਸਵੇਰ ਵੇਲੇ ਪੂਜਾ ਕਰਨ ਲਈ ਜਾਂਦੇ ਹਨ। ਇਸ ਮੌਕੇ ਗਊ ਸੇਵਾਦਲ ਦੇ ਪ੍ਰਧਾਨ ਨੀਟੂ ਧੀਮਾਨ ਨੇ ਪਹੁੰਚ ਕੇ ਇਸ ਘਟਨਾ ਦੇ ਪ੍ਰਤੀ ਸ਼ੋਕ ਪ੍ਰਗਟਾਇਆ।