ਮਹਾਂਵੀਰ ਮਿੱਤਲ
ਜੀਂਦ, 17 ਮਾਰਚ
ਸ਼ਹੀਦ ਭਗਤ ਸਿੰਘ ਦੇ ਪੜਪੋਤੇ ਯਾਦਵਿੰਦਰ ਸਿੰਘ ਸੰਧੂ ਨੇ ਕਿਹਾ ਹੈ ਕਿ ਦੇਸ਼ ਦੀ 70 ਫ਼ੀਸਦ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ ਅਤੇ ਦੇਸ਼ ਦੀ ਆਤਮਾ ਪਿੰਡਾਂ ਵਿੱਚ ਰਹਿੰਦੀ ਹੈ। ਤਿੰਨੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਿਆ ਜਾ ਰਿਹਾ ਧਰਮਯੁੱਧ ਦੇਸ਼ ਦੀ ਆਤਮਾ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਹੈ। ਭਗਤ ਸਿੰਘ ਦਾ ਮੈਂ ਇੱਕਲਾ ਵਾਰਸ ਨਹੀਂ ਹਾਂ, ਬਲਕਿ ਤੁਸੀਂ ਸਾਰੇ ਉਨ੍ਹਾਂ ਦੇ ਵਾਰਸ ਹੋ। ਯਾਦਵਿੰਦਰ ਸੰਧੂ ਇੱਥੇ ਖਟਕੜ ਟੌਲ ਪਲਾਜ਼ਾ ਕੋਲ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਤੇ ਜਾ ਰਹੇ ਕਿਸਾਨਾਂ ਦੇ ਧਰਨੇ ਵਿੱਚ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਇਹ ਤਿੰਨੇ ਕਾਨੂੰਨ ਦੇਸ ਦੀ ਫਸਲ ਅਤੇ ਦੇਸ਼ ਦੀ ਨਸਲ ਨੂੰ ਤਬਾਹ ਕਰਨ ਲਈ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਤੋਂ ਕਈ ਸਾਲਾਂ ਪਹਿਲਾਂ ਲਾਲ ਬਹਾਦਰ ਸਾਸ਼ਤਰੀ ਨੇ ਨਾਅਰਾ ਦਿੱਤਾ ਸੀ-ਜੈ ਜਵਾਨ-ਜੈ ਕਿਸਾਨ। ਉਸ ਨਾਅਰੇ ਦੀ ਹਮਾਇਤ ਸਾਡੀ ਸਾਰੀਆਂ ਪੀੜ੍ਹੀਆਂ ਨੇ ਕੀਤੀ ਸੀ। ਅੱਜ ਕਿਸਾਨ ਤੋਂ ਉਸ ਦੀ ਜ਼ਮੀਨ ਖੋਹਣ ਲਈ ਕਾਨੂੰਨ ਬਣਾ ਦਿੱਤੇ ਗਏ ਹਨ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜੇ ਕੋਈ ਕਾਨੂੰਨ ਬਨਣਾ ਚਾਹੀਦਾ ਸੀ ਤਾਂ ਐੱਮਐੱਸਪੀ ’ਤੇ ਬਨਣਾ ਚਾਹੀਦਾ ਸੀ, ਅੱਜ ਉਸ ਨੂੰ ਲੈ ਕੇ ਲੜ੍ਹਾਈ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਅੰਦੋਲਨ ਚਲਦਾ ਰਹਿਣਾ ਚਾਹੀਦਾ ਹੈ।