ਕੇ ਕੇ ਬਾਂਸਲ
ਰਤੀਆ, 5 ਸਤੰਬਰ
ਕਰੋਨਾ ਦੌਰਾਨ 6 ਮਹਿਨਿਆਂ ਦਾ ਸਮਾਂ ਪੂਰਾ ਹੋਣ ’ਤੇ ਮਾਪੇ ਨਿੱਜੀ ਸਕੂਲ ਵਿੱਚ ਆਪਣੇ ਬੱਚਿਆਂ ਦੇ ਦਾਖਲਿਆਂ ਨੂੰ ਲੈ ਕੇ ਭੰਬਲਭੂਸੇ ਵਿੱਚ ਹਨ। ਬਹੁਤੇ ਮਾਪਿਆਂ ਨੇ ਹਾਲੇ ਤੱਕ ਬੱਚਿਆਂ ਨੂੰ ਸਕੂਲਾਂ ਵਿੱਚ ਦਾਖ਼ਲ ਨਹੀਂ ਕਰਵਾਇਆ ਅਤੇ ਨਾ ਹੀ ਫੀਸ ਜਮ੍ਹਾਂ ਕਰਵਾਈ ਹੈ। ਇਸ ਮਾਮਲੇ ‘ਚ ਸਿੱਖਿਆ ਵਿਭਾਗ ਨੇ ਵੀ ਕੋਈ ਗਾਈਡਲਾਈਨ ਜਾਰੀ ਨਹੀਂ ਕੀਤੀ। ਇਸ ਨੂੰ ਲੈ ਕੇ ਨਿੱਜੀ ਸਕੂਲ ਪ੍ਰਬੰਧਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰਨ। ਨਾ ਹੀ ਬੱਚੇ ਦਾ ਸਕੂਲ ਵਿੱਚ ਨਾਂ ਕੱਟਣ ਲਈ ਕੋਈ ਤਰਜ਼ੀਹ ਦੇ ਰਿਹਾ ਹੈ। ਉਹ ਐੱਸਐੱਲਸੀ ਦੀ ਮੰਗ ਕਰ ਰਹੇ ਹਨ। ਹੁਣ ਅਦਾਲਤ ਦੇ ਹੁਕਮਾਂ ਅਨੁਸਾਰ ਫੀਸ ਮੁਆਫ਼ੀ ਦੀ ਕੋਈ ਗੁਜ਼ਾਇਸ਼ ਨਹੀਂ ਹੈ। ਇਹੀ ਨਹੀਂ ਸਿੱਖਿਆ ਮੰਤਰੀ ਕਈ ਵਾਰ ਫੀਸ ਭਰਨ ਦੀ ਗੱਲ ਆਖ ਚੁੱਕੇ ਹਨ। ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਸੰਘ ਦੇ ਸੂਬਾ ਪ੍ਰਧਾਨ ਹਰਜਿੰਦਰ ਸੰਘੇੜਾ ਨੇ ਦੱਸਿਆ ਕਿ ਪੇਂਡੂ , ਸ਼ਹਿਰੀ ਅਤੇ ਕਸਬਿਆਂ ਦੀ ਸਥਿਤੀ ਵੱਖ ਵੱਖ ਹੈ। ਇਨ੍ਹਾਂ ਖੇਤਰਾਂ ਵਿੱਚ ਸ਼ੋਸਲ ਸਾਈਟ ’ਤੇ ਫੀਸ ਨਾ ਭਰਨ ਬਾਰੇ ਮਾਪਿਆਂ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਦਿਖਾਈ ਦਿੱਤਾ। ਇਸ ਵੇਲੇ ਆਨਲਾਈਨ ਦੇ ਜ਼ਰੀਏ ਅੱਧਾ ਪਾਠਕ੍ਰਮ ਪੂਰਾ ਹੋ ਚੁੱਕਾ ਹੈ। ਬਹੁਤ ਸਾਰੇ ਬੱਚਿਆਂ ਨੇ ਹਾਲੇ ਤੱਕ ਪੁਸਤਕਾਂ ਨਹੀਂ ਖਰੀਦੀਆਂ। ਇਸ ਕਾਰਨ ਉਨ੍ਹਾਂ ਦਾ ਇੱਕ ਸਾਲ ਖਰਾਬ ਹੋਣ ਦਾ ਖਦਸ਼ਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਗਲਤ ਅਫਵਾਹਾਂ ਤੋ ਦੂਰ ਹੋ ਕੇ ਨਿੱਜੀ ਸਕੂਲਾਂ ਨੂੰ ਸਹਿਯੋਗ ਦੇਣ। ਜੋਤੀ ਐਜ਼ੂਕੇਸ਼ਨ ਸੁਸਾਇਟੀ ਦੇ ਧਰਮਪਾਲ ਬਿਸ਼ਨੋਈ, ਨਿੱਜੀ ਸਕੂਲ ਸੰਗਠਨ ਦੇ ਬਲਾਕ ਪ੍ਰਧਾਨ ਤਰੇਸਮ ਜਿੰਦਲ , ਜ਼ਿਲ੍ਹਾ ਪ੍ਰਧਾਨ ਰੋਮੀ ਗੋਸਵਾਮੀ ਨੇ ਕਿਹਾ ਕਿ ਨਿੱਜੀ ਸਕੂਲਾਂ ਦੀਆਂ ਫੀਸਾਂ ਬਾਰੇ ਸ਼ੋਸ਼ਲ ਮੀਡੀਆਂ ’ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋ ਦੂਰ ਰਹਿ ਕੇ ਮਾਪੇ ਸਕੂਲ ਪ੍ਰਬੰਧਕਾਂ ਨਾਲ ਸੰਪਰਕ ਕਰਨ ਅਤੇ ਆਪਣੇ ਬੱਚਿਆਂ ਦਾ ਪਾਠਕ੍ਰਮ ਪੂਰਾ ਕਰਕੇ ਉਨ੍ਹਾਂ ਦਾ ਭਵਿੱਖ ਬਚਾਉਣ ਲਈ ਅੱਗੇ ਵਧਣ।