ਪ੍ਰਭੂ ਦਿਆਲ
ਸਿਰਸਾ, 16 ਅਗਸਤ
ਪਿੰਡ ਸੁਚਾਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਮਨਾਏ ਗਏ ਆਜ਼ਾਦੀ ਦੇ ਜਸ਼ਨਾਂ ਮਗਰੋਂ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਇਕ ਪੁਲੀਸ ਮੁਲਾਜ਼ਮ ਸਮੇਤ ਪੰਜ ਜਣੇ ਜ਼ਖ਼ਮੀ ਹੋ ਗਏ। ਝਗੜਾ ਰੋਕਣ ਦੀ ਕੋਸ਼ਿਸ਼ ਕਰ ਰਹੀ ਪੁਲੀਸ ਦੀਆਂ ਗੱਡੀਆਂ ’ਤੇ ਕੁਝ ਲੋਕਾਂ ਨੇ ਪੱਥਰ ਸੁੱਟੇ ਜਿਸ ਨਾਲ ਦੋ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਝਗੜੇ ਦਾ ਕਾਰਨ ਕਿਸੇ ਲੜਕੀ ਨਾਲ ਛੇੜਛਾੜ ਦੱਸਿਆ ਗਿਆ ਹੈ। ਫਿਲਹਾਲ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿੰਡ ਸੁਚਾਨ ’ਚ ਆਜ਼ਾਦੀ ਦੇ ਜਸ਼ਨ ਮਗਰੋਂ ਪਿੰਡ ਦੀਆਂ ਦੋ ਧਿਰਾਂ ਦਾ ਤਕਰਾਰ ਹੋ ਗਿਆ। ਇਸੇ ਦੌਰਾਨ ਕਿਸੇ ਨੇ ਝਗੜੇ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ। ਕੁਝ ਸਮੇਂ ਮਗਰੋਂ ਪੁਲੀਸ ਦੀ ਟੀਮ ਮੌਕੇ ’ਤੇ ਪਹੁੰਚੀ ਤਾਂ ਉਸ ਨੇ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਪਰ ਕੁਝ ਲੋਕ ਇਕ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਨੌਜਵਾਨ ਇਕ ਘਰ ਅੰਦਰ ਜਾ ਵੜ ਗਿਆ। ਦੂਜੀ ਧਿਰ ਦੇ ਲੋਕਾਂ ਨੇ ਉਸ ਘਰ ਦੇ ਦਰਵਾਜ਼ੇ ਤੋੜ ਕੇ ਲੜਕੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਕੁਝ ਲੋਕਾਂ ਨੇ ਰੋੜੇ ਤੇ ਇੱਟਾਂ ਨਾਲ ਇਕ ਦੂਜੇ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਚਾਰ ਜਣੇ ਜ਼ਖਮੀ ਹੋ ਗਏ। ਮਾਮਲਾ ਵਧਦਾ ਵੇਖ ਕੇ ਹੋਰ ਥਾਣਿਆਂ ਤੋਂ ਪੁਲੀਸ ਸੱਦੀ ਗਈ। ਜਦੋਂ ਪੁਲੀਸ ਪਿੰਡ ਪਹੁੰਚੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਪੁਲੀਸ ਦੀਆਂ ਗੱਡੀਆਂ ਦੇ ਇੱਟਾਂ ਮਾਰ ਕੇ ਸ਼ੀਸ਼ੇ ਤੋੜ ਦਿੱਤੇ। ਪੁਲੀਸ ਨੇ ਹਲਕਾ ਲਾਠੀਚਾਰਜ ਮਗਰੋਂ ਲੋਕਾਂ ਨੂੰ ਘਰੋਂ ਘਰੀਂ ਤੋਰਿਆ।