ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 1 ਦਸੰਬਰ
ਧਰਮ ਅਤੇ ਖਿੱਤੇ ਦੇ ਵਖਰੇਵਿਆਂ ਦੇ ਬਾਵਜੂਦ ਸਵਰਗੀ ਚੌਧਰੀ ਦੇਵੀ ਲਾਲ ਪਰਿਵਾਰ ਦੀ ਚੌਥੀ ਪੀੜ੍ਹੀ ਦਾ ਵਿਆਹ ਜੱਟ ਸਿੱਖ ਸੰਧੂ ਪਰਿਵਾਰਾਂ ਵਿਚ ਹੋਇਆ ਹੈ। ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਪੋਤਰਿਆਂ ਅਤੇ ਵਿਧਾਇਕ ਅਭੈ ਸਿੰਘ ਚੌਟਾਲਾ ਦੇ ਲੜਕਿਆਂ ਕਰਨ ਸਿੰਘ ਅਤੇ ਅਰਜੁਨ ਸਿੰਘ ਦਾ ਵਿਆਹ ਸਮਾਗਮ ਬੀਤੇ ਦਿਨ ਹੋਇਆ। ਸਮਾਗਮ ਵਿਚ ਸਿਆਸੀ, ਸਮਾਜਿਕ ਅਤੇ ਧਾਰਮਿਕ ਹਸਤੀਆਂ ਨੇ ਹਿੱਸਾ ਲਿਆ। ਇਸ ਮੌਕੇ ਬਾਬਾ ਰਾਮਦੇਵ ਵੀ ਤੇਜਾਖੇੜਾ ਫਾਰਮ ਹਾਊਸ ’ਤੇ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਪੁੱਜੇ। ਅਭੈ ਸਿੰਘ ਚੌਟਾਲਾ ਦੇ ਜਠੇਰੇ ਪੁੱਤਰ ਕਰਨ ਸਿੰਘ ਚੌਟਾਲਾ ਦਾ ਵਿਆਹ ਐਸ਼ਵਰਿਆ ਸੰਧੂ ਨਾਲ ਹੋਇਆ। ਐਸ਼ਵਰਿਆ ਦੇ ਪਿਤਾ ਜਸਵਿੰਦਰ ਸਿੰਘ ਰਾਜਸਥਾਨ ਦੇ ਪਿੰਡ 41ਆਰ.ਬੀ ਨਾਲ ਸਬੰਧਤ ਹਨ ਜਦੋਂਕਿ ਛੋਟਾ ਅਰਜੁਨ ਸਿੰਘ ਚੌਟਾਲਾ ਦਾ ਵਿਆਹ ਯਮੁਨਾਨਗਰ ਵਾਸੀ ਸਾਬਕਾ ਵਿਧਾਇਕ ਦਿਲਬਾਗ ਸਿੰਘ ਸੰਧੂ ਦੀ ਪੁੱਤਰੀ ਡਾ. ਜੈਸਮੀਨ ਨਾਲ ਹੋਇਆ ਹੈ।