ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਮਈ
ਦਿੱਲੀ ਪੁਲੀਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਪਿਛਲੇ ਸਾਲ ਹਵਾਈ ਯਾਤਰੀਆਂ ਦਾ ਕੀਮਤੀ ਸਮਾਨ ਚੋਰੀ ਕਰਨ ਲਈ 100 ਦਿਨਾਂ ਵਿੱਚ 200 ਤੋਂ ਵੱਧ ਉਡਾਣਾਂ ਵਿੱਚ ਸਫ਼ਰ ਕੀਤਾ। ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਇੱਕ ਮਹਿਲਾ ਯਾਤਰੀ ਦੇ ਆਪਣੇ ਕੈਬਿਨ ਬੈਗ ਵਿੱਚ ਰੱਖੇ ਸੱਤ ਲੱਖ ਰੁਪਏ ਦੇ ਗਹਿਣੇ ਗੁਆਚ ਗਏ ਸਨ। ਉਸ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕੀਤਾ। ਔਰਤ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲੀਸ ਨੇ ਕਈਆਂ ਤੋਂ ਅਜਿਹੀਆਂ ਸ਼ਿਕਾਇਤਾਂ ਦੀ ਪਛਾਣ ਕੀਤੀ ਜਿਸ ਵਿੱਚ ਇੱਕ ਵਿਦੇਸ਼ੀ ਤੋਂ ਵੀ ਸ਼ਾਮਲ ਸੀ, ਉਸ ਵਿਦੇਸ਼ੀ ਨੇ ਦੱਸਿਆ ਕਿ ਉਸ ਦੇ ਕੈਬਿਨ ਬੈਗ ਵਿੱਚੋਂ 20 ਲੱਖ ਰੁਪਏ ਦਾ ਕੀਮਤੀ ਸਮਾਨ ਗੁਆਚ ਗਿਆ। ਫਿਰ ਦਿੱਲੀ ਪੁਲੀਸ ਨੇ ਹੈਦਰਾਬਾਦ, ਦਿੱਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੋਂ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਅਤੇ ਮੁਲਜ਼ਮ ਰਾਜੇਸ਼ ਕਪੂਰ ਨੂੰ ਫੜ ਲਿਆ। ਪੁਲੀਸ ਨੇ ਦੱਸਿਆ ਕਿ ਰਾਜੇਸ਼ ਦਿੱਲੀ ਵਿੱਚ ਇੱਕ ਗੈਸਟ ਹਾਊਸ ਦਾ ਮਾਲਕ ਹੈ ਅਤੇ ਮਨੀ ਐਕਸਚੇਂਜ ਦੇ ਕਾਰੋਬਾਰ ਦੇ ਨਾਲ-ਨਾਲ ਮੋਬਾਈਲ ਰਿਪੇਅਰ ਦੀ ਦੁਕਾਨ ਵੀ ਚਲਾਉਂਦਾ ਹੈ। ਪੁਲੀਸ ਨੇ ਦੱਸਿਆ ਕਿ ਰਾਜੇਸ਼ ਰੇਲ ਗੱਡੀਆਂ ਵਿੱਚ ਚੋਰੀ ਕਰਦਾ ਫੜਿਆ ਗਿਆ ਸੀ, ਜਿਸ ਮਗਰੋਂ ਹਵਾਈ ਅੱਡਿਆਂ ਅਤੇ ਉਡਾਣਾਂ ਵਿੱਚ ਚੋਰੀਆਂ ਕਰਨ ਲੱਗਾ। ਉਹ ਯਾਤਰੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ ਜੋ ਕਨੈਕਟਿੰਗ ਫਲਾਈਟਾਂ ‘ਚ ਸਵਾਰ ਹੁੰਦੀਆਂ ਸਨ। ਉਹ ਸੀਟ ਬਦਲਣ ਦੀ ਬੇਨਤੀ ਕਰਦਾ ਸੀ ਅਤੇ ਫਿਰ ਆਪਣੇ ਬੈਗ ਐਡਜਸਟ ਕਰਨ ਦਾ ਦਿਖਾਵਾ ਕਰਦਾ ਸੀ ਅਤੇ ਫਿਰ ਚੋਰੀ ਕਰਦਾ ਸੀ। ਦਿੱਲੀ ਪੁਲੀਸ ਨੇ ਮਾਮਲਾ ਦਰਜ ਕਰਕੇ ਉਸਦੇ ਘਰ ਤੋਂ ਭਾਰੀ ਮਾਤਰਾ ਵਿੱਚ ਗਹਿਣੇ ਬਰਾਮਦ ਕੀਤੇ ਹਨ।